– ਅਫ਼ਵਾਹਾਂ ਤੋਂ ਸੁਚੇਤ ਰਹਿਣ ਲਈ ਸਰਕਾਰ ਦੀਆਂ ਹਦਾਇਤਾਂ ਮੰਨਣਾ ਜ਼ਰੂਰੀ : ਪ੍ਰਿੰਸੀਪਲ

ਪਟਿਆਲਾ, 8 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਨੇ ਕੋਰੋਨਾ ਮਹਾਂਮਾਰੀ ਦੇ ਬਚਾਅ ਤੋਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਹੋਏ ਅੱਜ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ਵਿਚ ਸਮੂਹ ਸਟਾਫ਼ ਵੱਲੋਂ ਕੋਵਿਡ 19 ਦੇ ਟੈਸਟ ਕਰਵਾ ਕੇ ਜਾਗਰੂਕ ਸੋਚ ਦਾ ਸੁਨੇਹਾ ਦਿੱਤਾ ਗਿਆ।
ਕਾਲਜ ਦੇ ਮਿਸ਼ਨ ਫ਼ਤਿਹ ਦੇ ਨੋਡਲ ਅਧਿਕਾਰੀ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਸਹਿਯੋਗ ਨਾਲ ਐਮ.ਓ. ਡਾ. ਪਰਨੀਤ ਕੌਰ ਦੀ ਟੀਮ ਵੱਲੋਂ ਕਾਲਜ ਦੇ ਸਮੂਹ ਅਧਿਕਾਰੀਆਂ ਦਫ਼ਤਰੀ ਸਟਾਫ਼ ਅਤੇ ਦਰਜਾ ਚਾਰ ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਅਤੇ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਸਭ ਤੋਂ ਪਹਿਲਾਂ ਟੈਸਟ ਕਰਵਾਕੇ ਇਕ ਉਦਾਹਰਣ ਪੇਸ਼ ਕੀਤੀ।
ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਪਿੰਡਾਂ ਅਤੇ ਸ਼ਹਿਰਾਂ ‘ਚ ਸੋਸ਼ਲ ਮੀਡੀਆ ਰਾਹੀਂ ਫੈਲ ਰਹੀਆਂ ਉਨ੍ਹਾਂ ਅਫ਼ਵਾਹਾਂ ਨੂੰ ਦੂਰ ਕਰਨਾ ਹੈ ਜਿਨ੍ਹਾਂ ਰਾਹੀਂ ਆਮ ਲੋਕਾਂ ਨੂੰ ਕੋਵਿਡ ਮਹਾਂਮਾਰੀ ਸਬੰਧੀ ਗਲਤ ਸੁਨੇਹਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ, ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਖੰਘ, ਜੁਕਾਮ, ਬੁਖਾਰ ਜਾ ਫੇਰ ਕੋਈ ਵੀ ਕੋਵਿਡ ਸਬੰਧੀ ਲੱਛਣ ਦਿਖਾਈ ਦਿੰਦਾ ਹੈ ਤਾਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਜਲਦ ਤੋਂ ਜਲਦ ਟੈਸਟ ਜ਼ਰੂਰ ਕਰਵਾਇਆ ਜਾਵੇ ਅਤੇ ਕੋਵਿਡ ਦੇ ਲਾਗ ਤੋਂ ਬਚਣ ਲਈ ਸਮਾਜਿਕ ਦੂਰੀ, ਮਾਸਕ ਪਾਉਣ ਅਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਨੂੰ ਤਰਜੀਹ ਦਿੱਤੀ ਜਾਵੇ।

Leave a Reply

Your email address will not be published. Required fields are marked *