– ਸੰਸਦ ਮੈਂਬਰ ਪਰਨੀਤ ਕੌਰ ਨੇ ਇਸ ਵਿਸ਼ੇਸ਼ ਉਪਰਾਲੇ ਲਈ ਡਿਵੀਜ਼ਨਲ ਕਮਿਸ਼ਨਰ ਦੀ ਕੀਤੀ ਸ਼ਲਾਘਾ, 12 ਡਾਕਟਰਾਂ ਤੇ 24 ਪੈਰਾ ਮੈਡੀਕਲ ਅਮਲੇ ਦਾ ਹੋਇਆ ਵਿਸ਼ੇਸ਼ ਸਨਮਾਨ
-ਪਰਨੀਤ ਕੌਰ ਵੱਲੋਂ ਕੋਰੋਨਾ ਯੋਧਿਆਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੌਂਸਲਾ ਅਫ਼ਜਾਈ
-ਕੀਮਤੀ ਜਾਨਾਂ ਬਚਾਉਣ ਲਈ ਆਮ ਲੋਕ ਟੈਸਟ ਕਰਵਾਉਣ ਤੇ ਕੋਰੋਨਾ ਦੇ ਲੱਛਣ ਹੋਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲੈਣ – ਕੁਮਾਰ ਅਮਿਤ

ਪਟਿਆਲਾ, 14 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਮਿਸ਼ਨ ਫ਼ਤਿਹ ਤਹਿਤ ਨਿਵਕੇਲੀ ਪਹਿਲਕਦਮੀ ਕਰਦਿਆਂ ਪਟਿਆਲਾ ਦੇ ਕੋਰੋਨਾ ਯੋਧਿਆਂ ਨੂੰ ਸਨਮਾਨਤ ਕਰਨ ਦਾ ਉਪਰਾਲਾ ਕੀਤਾ ਹੈ। ਡਵੀਜ਼ਨਲ ਕਮਿਸ਼ਨਰ ਨੇ ਇੱਥੇ ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿਖੇ ਕਰਵਾਏ ਸਾਦੇ ਸਮਾਗਮ ਦੌਰਾਨ ਅੱਜ ਸ਼ਾਮ ਜ਼ਿਲ੍ਹੇ ਦੇ 12 ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲੇ ਦੇ 24 ਮੈਂਬਰਾਂ ਨੂੰ ਪੁਲਿਸ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਡਵਜੀਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਵੱਲੋਂ ਇਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਮੁੱਚੇ ਕੋਰੋਨਾ ਯੋਧਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਕੋਵਿਡ-19 ਵਿਸ਼ਵ ਵਿਆਪੀ ਮਹਾਂਮਾਰੀ ਦੌਰਾਨ ਡਾਕਟਰਾਂ, ਨਰਸਿੰਗ ਅਮਲੇ ਸਮੇਤ ਪੁਲਿਸ, ਸਮਾਜ ਸੇਵੀ ਸੰਸਥਾਵਾਂ, ਆਂਗਣਵਾੜੀ ਤੇ ਆਸ਼ਾ ਵਰਕਰਾਂ, ਸਫ਼ਾਈ ਸੇਵਕਾਂ ਆਦਿ ਦੀ ਬਹੁਤ ਅਹਿਮ ਭੂਮਿਕਾ ਹੈ। ਉਨ੍ਹਾਂ ਇਸ ਉਪਰਾਲੇ ਲਈ ਡਿਵੀਜ਼ਨਲ ਕਮਿਸ਼ਨਰ ਸ੍ਰੀ ਗੈਂਦ ਦੀ ਵੀ ਸ਼ਲਾਘਾ ਕੀਤੀ।
ਪਰਨੀਤ ਕੌਰ ਨੇ ਕਿਹਾ ਕਿ ਆਮ ਲੋਕਾਂ ਨੂੰ ਕੋਰੋਨਾ ਯੋਧਿਆਂ ਦਾ ਸਾਥ ਦੇਣ ਦੇ ਨਾਲ-ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਅਰੰਭੀ ਜੰਗ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਉਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਇਸ ਮੌਕੇ ਕਮਿਸ਼ਨਰ ਸ੍ਰੀ ਗੈਂਦ ਨੇ ਦੱਸਿਆ ਕਿ ਵਿਸ਼ਵ ਭਰ ‘ਚ ਦਿਨੋਂ-ਦਿਨ ਵਧ ਰਹੀ ਕੋਵਿਡ ਮਹਾਂਮਾਰੀ ਦੌਰਾਨ ਕੋਰੋਨਾ ਯੋਧਿਆਂ ਨੇ ਮਨੁੱਖਤਾ ਨੂੰ ਇਸ ਲਾਇਲਾਜ ਬਿਮਾਰੀ ਤੋਂ ਬਚਾਉਣ ਲਈ ਆਪਣੀ ਭੂਮਿਕਾ ਨਿਭਾਈ ਹੈ, ਜਿਸ ਲਈ ਇਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ।
ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਸਾਰੇ ਕੋਰੋਨਾਂ ਯੋਧਿਆਂ ਦਾ ਲੜੀਵਾਰ ਸਨਮਾਨ ਕੀਤਾ ਜਾਵੇਗਾ ਅਤੇ ਇਸੇ ਤਹਿਤ ਅੱਜ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਸ ਤੋਂ ਬਾਅਦ ਹੋਰ ਕੋਰੋਨਾ ਯੋਧਿਆਂ ਦਾ ਵੀ ਇਸੇ ਤਰ੍ਹਾਂ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ, ਮੋਹਰਲੀ ਕਤਾਰ ਵਿੱਚ ਲੜਨ ਵਾਲੇ ਮੁਲਾਜਮਾਂ ਜਿਵੇਂ ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਹੋਰ ਮੁਲਾਜਮਾਂ ਨੂੰ ਵੀ ਇਸੇ ਤਰਾਂ ਗਾਰਡ ਆੱਫ ਆਨਰ ਦਿਵਾਇਆ ਜਾਵੇਗਾ। ਉਨਾਂ ਦੂਸਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਅਜਿਹਾ ਕਰਨ ਲਈ ਆਖਿਆ।
ਇਸ ਮੌਕੇ ਮੌਜੂਦ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕਰਦਅਿਾਂ ਕਿਹਾ ਕਿ ਆਮ ਲੋਕ ਕੋਵਡਿ ਮਹਾਂਮਾਰੀ ਦੀ ਲਾਗ ਤੋਂ ਬਚਣ ਤੇ ਕੀਮਤੀ ਜਾਨਾ ਬਚਾਉਣ ਲਈ ਜਿਥੇ ਆਪਣੇ ਟੈਸਟ ਬੇਝਜਿਕ ਹੋ ਕੇ ਕਰਵਾਉਣ ਉਥੇ ਕਸੇ ਵੀ ਤਰ੍ਹਾਂ ਦੇ ਲੱਛਣ ਆਉਣ ‘ਤੇ ਤੁਰੰਤ ਨੇੜਲੇ ਸਰਕਾਰੀ ਸਹਿਤ ਕੇਂਦਰ ਜਾਂ ਰਾਜਿੰਦਰਾ ਹਸਪਤਾਲ ਨਾਲ ਸੰਪਰਕ ਕਰਨ।
ਪਟਿਆਲਾ ਦੇ ਜ਼ਿਲਾ ਅਤੇ ਸ਼ੈਸਨ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਇਸ ਨਿਵੇਕਲੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ਼ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੇ ਕੋਰੋਨਾ ਯੋਧਿਆਂ ਦਾ ਮਨੋਬਲ ਉੱਚਾ ਹੋਵੇਗਾ ਸਗੋਂ ਉਹ ਹੋਰ ਜ਼ਜਬੇ ਨਾਲ ਇਸ ਮਹਾਂਮਾਰੀ ਖ਼ਿਲਾਫ਼ ਮੈਦਾਨ ਵਿੱਚ ਉਤਰਨਗੇ।
ਪਟਿਆਲਾ ਦੇ ਆਈ.ਜੀ. ਸ੍ਰੀ ਜਤਿੰਦਰ ਸਿੰਘ ਔਲਖ ਅਤੇ ਐਸ.ਐਸ.ਪੀ. ਸ੍ਰੀ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਪੁਲਿਸ ਲਈ ਵੀ ਇਹ ਬੜ੍ਹੇ ਮਾਣ ਵਾਲੀ ਗੱਲ ਹੈ ਕਿ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਲੜ ਰਹੇ ਯੋਧਿਆਂ ਨੂੰ ਗਾਰਡ ਆਫ਼ ਆਨਰ ਦੇ ਕੇ ਅੱਜ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਉਪਰਾਲੇ ਜਾਰੀ ਰਹਿਣਗੇ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਇੰਚਾਰਜ ਕੋਵਿਡ ਕੇਅਰ ਰਾਜਿੰਦਰਾ ਹਸਪਤਾਲ ਸ੍ਰੀਮਤੀ ਸੁਰਭੀ ਮਲਿਕ, ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ. ਸ. ਚਰਨਜੀਤ ਸਿੰਘ ਅਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

Leave a Reply

Your email address will not be published. Required fields are marked *