-ਪੁਲਿਸ ਦੇ ਕੰਮ ਕਾਜ ‘ਚ ਹੋਰ ਤੇਜੀ ਤੇ ਪਾਰਦਰਸ਼ਤਾ ਲਿਆਉਣ ਲਈ ਕੀਤੇ ਤਬਾਦਲੇ – ਐਸ.ਐਸ.ਪੀ.

ਪਟਿਆਲਾ, 14 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਜ਼ਿਲ੍ਹਾ ਪੁਲਿਸ ਦੇ ਕੰਮ ਕਾਜ ਵਿੱਚ ਪ੍ਰਸ਼ਾਸਕੀ ਸੁਧਾਰਾਂ ਤਹਿਤ ਅੱਜ ਜ਼ਿਲ੍ਹੇ ‘ਚ ਲੰਮੇ ਅਰਸੇ ਤੋਂ ਇੱਕ ਹੀ ਸਟੇਸ਼ਨ ‘ਤੇ ਤਾਇਨਾਤ 77 ਪੁਲਿਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ। ਸ੍ਰੀ ਦੁੱਗਲ ਨੇ ਦੱਸਿਆ ਇੱਕੋ ਸਟੇਸ਼ਨ ‘ਤੇ ਲੰਮੇ ਅਰਸੇ ਤੋਂ ਤਾਇਨਾਤ ਹੋਣ ਕਰਕੇ ਆਮ ਲੋਕਾਂ ਨੂੰ ਰੋਜ਼ਾਨਾ ਕੰਮ ਕਾਜ ‘ਚ ਕੁਝ ਦਿੱਕਤਾਂ ਪੇਸ਼ ਆਉਣ ਬਾਰੇ ਉਨ੍ਹਾਂ ਦੇ ਧਿਆਨ ‘ਚ ਲਿਆਉਣ ‘ਤੇ ਅਜਿਹੇ ਤਬਾਦਲੇ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਤਹਿਤ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜਨ ਰਾਜਪੁਰਾ ਦੇ 42 ਪੁਲਿਸ ਕਰਮਚਾਰੀਆਂ ਅਤੇ ਸਬ ਡਵੀਜਨ ਘਨੌਰ ਦੇ 35 ਪੁਲਿਸ ਕਰਮਚਾਰੀਆਂ ਨੂੰ ਪ੍ਰਬੰਧਕੀ ਅਧਾਰ ‘ਤੇ ਦੂਸਰੀਆਂ ਸਬ ਡਵੀਜਨਾਂ ਅਤੇ ਥਾਣਿਆਂ ‘ਚ ਬਦਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ‘ਚ ਆਇਆ ਸੀ ਕਿ ਇੱਥੇ ਆਮ ਲੋਕਾਂ ਨੂੰ ਆਪਣੇ ਕੰਮ ਕਾਜ ਕਰਵਾਉਣ ‘ਚ ਕੁਝ ਪ੍ਰੇਸ਼ਾਨੀਆਂ ਆ ਰਹੀਆਂ ਹਨ, ਜਿਸ ਲਈ ਇਹ ਬਦਲੀਆਂ ਕੀਤੀਆਂ ਗਈਆਂ ਹਨ।
ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਇਹ ਬਦਲੀਆਂ ਅਤੇ ਨਵੀਂਆਂ ਤਾਇਨਾਤੀਆਂ ਜ਼ਿਲ੍ਹਾਂ ਪੁਲਿਸ ਦੇ ਕੰਮਕਾਜ ‘ਚ ਹੋਰ ਤੇਜੀ ਅਤੇ ਪਾਰਦਰਸ਼ਤਾ ਲਿਆਉਣ ਲਈ ਕੀਤੀਆਂ ਗਈਆਂ ਹਨ। ਸ੍ਰੀ ਦੁੱਗਲ ਨੇ ਹੋਰ ਦੱਸਿਆ ਕਿ ਪਟਿਆਲਾ ਪੁਲਿਸ ਜਿੱਥੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਵੀ ਤਨਦੇਹੀ ਨਾਲ ਦਿਨ-ਰਾਤ ਨਿਭਾ ਰਹੀ ਹੈ, ਉਥੇ ਹੀ ਜ਼ਿਲ੍ਹੇ ਨੂੰ ਜ਼ੁਰਮ ਤੋਂ ਰਹਿਤ ਰੱਖਣ ਲਈ ਵੀ ਆਪਣੀ ਵਚਨਬੱਧਤਾ ਨੂੰ ਪੂਰੀ ਸੁਹਿਰਦਤਾ ਨਾਲ ਨਿਭਾ ਰਹੀ ਹੈ।

Leave a Reply

Your email address will not be published. Required fields are marked *