ਪਰਾਲੀ ਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਿਰੁੱਧ ਜਾਗਰੂਕਤਾ ਲਈ ਵੈਨ ਰਵਾਨਾ
ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਇਸਨੂੰ ਖੇਤਾਂ ‘ਚ ਹੀ ਮਿਲਾਉਣ-ਡਿਪਟੀ ਕਮਿਸ਼ਨਰ

ਪਟਿਆਲਾ, 15 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ‘ਚ ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਹੋਰ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਿਰੁੱਧ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਵੱਲੋਂ ਤਿਆਰ ਕੀਤੀ ਗਈ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵੈਨ ਰਾਹੀਂ ਜ਼ਿਲ੍ਹੇ ਦੇ ਪਿੰਡਾਂ ‘ਚ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਝੋਨੇ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਤਹਿਤ ਹਰ ਪਿੰਡ ‘ਚ ਕਿਸਾਨਾਂ ਤੇ ਖੇਤੀ ਕਰਨ ਵਾਲਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ‘ਚ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਮੇਤ ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪਰਾਲੀ ਨੂੰ ਅੱਗ ਲਾਉਣ ਤੋਂ ਬਚਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਕਿਸਾਨ ਇਸ ਵਾਰ ਆਪਣੇ ਖੇਤਾਂ ‘ਚ ਅੱਗ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ‘ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਕਰਕੇ ਜਿੱਥੇ ਮਨੁੱਖੀ ਸਿਹਤ ਸਾਂਹ ਸਮੇਤ ਹੋਰ ਘਾਤਕ ਬਿਮਾਰੀਆਂ ਦੀ ਸ਼ਿਕਾਰ ਬਣਦੀ ਹੈ, ਉਥੇ ਹੀ ਜਮੀਨ ਵਿਚਲੇ ਮਿੱਤਰ ਕੀੜਿਆਂ ਦੇ ਸਾੜੇ ਜਾਣ ਸਮੇਤ ਹੋਰ ਪਸ਼ੂ-ਪੰਛੀ ਵੀ ਇਸਦੀ ਲਪੇਟ ‘ਚ ਆਉਣ ਕਰਕੇ ਅਲੋਪ ਹੋਣ ਦੀ ਕਗਾਰ ‘ਤੇ ਪੁੱਜ ਜਾਂਦੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 1 ਟਨ ਪਰਾਲੀ ਨੂੰ ਜਮੀਨ ‘ਚ ਮਿਲਾਉਣ ਨਾਲ ਨਾਈਟ੍ਰੋਜਨ, ਸਲਫ਼ਰ, ਪੋਟਾਸ਼, ਜੈਵਿਕ ਕਾਰਬਨ ਆਦਿ ਮਿਲਦੇ ਹਨ, ਜਿਸ ਨਾਲ ਕਿਸਾਨ ਦਾ ਪ੍ਰਤੀ ਏਕੜ 1500 ਤੋਂ 2000 ਰੁਪਏ ਖਰਚਾ ਬਚਦਾ ਹੈ। ਜਦੋਂਕਿ ਅੱਗ ਲਾਉਣ ਨਾਲ ਇਹੋ ਤੱਤ ਸੜ ਜਾਣ ਕਰਕੇ ਮਿਟੀ ਦੇ ਖੁਰਾਕੀ ਤੱਤ ਵੀ ਖ਼ਤਮ ਹੋ ਜਾਂਦੇ ਹਨ। ਐਨਾ ਹੀ ਨਹੀਂ ਸਮੁੱਚਾ ਵਾਤਾਵਰਣ ਵੀ ਗੰਧਲਾ ਹੋਣ ਕਰਕੇ ਸਾਡੇ ਜੀਵਨ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੀ (ਸੀ.ਆਰ.ਐਮ) ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੰਭਾਲ ਸਬੰਧੀਂ ਸਕੀਮ ਹੇਠਾਂ ਮਸ਼ੀਨਰੀ ਉਪਰ ਸਬਸਿਡੀ ਸਕੀਮ ਤਹਿਤ ਇਹ ਮਸ਼ੀਨਰੀ ਹੈਪੀ ਸੀਡਰ, ਮਲਚਰ, ਜ਼ੀਰੋ ਟਿਲ, ਸੁਪਰ ਸਟਰਾ ਐਸ.ਐਮ.ਐਸ., ਰਿਵਰਸਲ ਮੋਲਡ ਬੋਰਡ ਹਲ ਅਤੇ ਚੌਪਰ ਆਦਿ ਇਕੱਲੇ ਕਿਸਾਨਾਂ, ਸਹਿਕਾਰੀ ਸਭਾਵਾਂ ਤੇ ਸਮੂਹਾਂ ਨੂੰ ਸਬਸਿਡੀ ‘ਤੇ ਉਪਲਬਧ ਕਰਵਾਈ ਜਾਂਦੀ ਹੈ। ਇਸ ਮੌਕੇ ਏ.ਡੀ.ਸੀ. (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਗੋਇਲ, ਐਸ.ਡੀ.ਓ. ਨਵਤੇਸ਼ ਸਿੰਗਲਾ ਤੇ ਸੁਰਿੰਦਰਜੀਤ ਕੁਮਾਰ ਵੀ ਮੌਜੂਦ ਸਨ। ਸ੍ਰੀ ਰਾਜੀਵ ਗੋਇਲ ਨੇ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਫਲੈਕਸ ਵੀ ਲਗਵਾਏ ਗਏ ਹਨ ਅਤੇ ਇਸ ਵੈਨ ‘ਤੇ ਸੁਨੇਹੇ ਦਰਜ ਹਨ, ਜਿਸ ਨਾਲ ਕਿਸਾਨਾਂ ਨੂੰ ਖੇਤਾਂ ‘ਚ ਅੱਗ ਲਾਉਣ ਤੋਂ ਵਰਜਦੇ ਹੋਏ ਇਸ ਦੇ ਨਫ਼ੇ-ਨੁਕਸਾਨ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ‘ਬਾਣੀ ਕਹਿੰਦੀ ਬਰਕਤ ਹੁੰਦੀ ਨੇਕ ਕਮਾਈ ਦੀ, ਜਿਹੜੀ ਧਰਤੀ ਦਾ ਖਾਈਏ ਉਹਨੂੰ ਅੱਗ ਨਹੀਂ ਲਾਈਦੀ’ ਆਦਿ ਨਾਅਰੇ ਲਿਖੇ ਗਏ ਹਨ ਤੇ ਕਿਸਾਨਾਂ ਨੂੰ ਪੈਂਫਲੇਟ ਵੀ ਵੰਡੇ ਜਾ ਰਹੇ ਹਨ ਅਤੇ ਪਿੰਡਾਂ ‘ਚ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ।

Leave a Reply

Your email address will not be published. Required fields are marked *