-ਡੀ.ਸੀ. ਵੱਲੋਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ, ਅਫ਼ਵਾਹਾਂ ‘ਤੇ ਵਿਸ਼ਵਾਸ਼ ਨਾ ਕਰਨ ਦਾ ਸੱਦਾ
-ਡਾਕਟਰ, ਪੈਰਾ ਮੈਡੀਕਲ ਤੇ ਹਰ ਕੋਰੋਨਾ ਯੋਧਾ ਕੋਵਿਡ ‘ਤੇ ਜਿੱਤ ਪਾਉਣ ਲਈ ਯਤਨਸ਼ੀਲ
-ਘਰਾਂ ‘ਚ ਏਕਾਂਤਵਾਸ ਹੋਏ ਕੋਵਿਡ ਪਾਜਿਟਿਵ ਦੀ ਮੋਨੀਟਰਿੰਗ ਨੂੰ ਪਹਿਲ : ਡਿਪਟੀ ਕਮਿਸ਼ਨਰ
-ਟੈਸਟਿੰਗ ਵਧੀ, ਮੌਤਾਂ ਦਾ ਅੰਕੜਾ ਪਿਛਲੇ ਹਫ਼ਤੇ ਨਾਲੋਂ ਘਟਿਆ, ਪਰੰਤੂ ਲੋਕ ਹੋਰ ਸੁਚੇਤ ਹੋਣ : ਡੀ.ਸੀ.

ਪਟਿਆਲਾ, 16 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੋਵਿਡ ਦੀ ਲਾਗ ਦੇ ਖਾਤਮੇ ਲਈ ਲੋਕਾਂ ਨੂੰ ਆਪਣੇ ਟੈਸਟ ਲਾਜਮੀ ਕਰਵਾਉਣੇ ਹੋਣਗੇ। ਉਨ੍ਹਾਂ ਲੋਕਾਂ ਨੂੰ ਕੋਵਿਡ ਨੂੰ ਹਰਾਉਣ ਲਈ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਸੱਦਾ ਦਿੱਤਾ ਹੈ ਕਿ ਲੋਕ ਕੋਵਿਡ ਟੈਸਟਾਂ, ਡਾਕਟਰਾਂ, ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਸਰਕਾਰ ਪ੍ਰਤੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ।
ਡਿਪਟੀ ਕਮਿਸ਼ਨਰ ਨੇ ਅੱਜ ਸ਼ਾਮ ਇੱਥੇ ਆਪਣਾ ਵਿਸ਼ੇਸ਼ ਸੁਨੇਹਾ ਦਿੰਦਿਆਂ ਕਿਹਾ ਕਿ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲਾ ਅਤੇ ਹਰ ਕੋਰੋਨਾ ਯੋਧਾ ਇਸ ਸਮੇਂ ਮਿਸ਼ਨ ਫ਼ਤਿਹ ਕੋਵਿਡ ਦੀ ਲਾਗ ਦੇ ਖਾਤਮੇ ਲਈ ਆਪਣੀਆਂ ਸੇਵਾਵਾਂ ਆਪਣੇ ਆਪੇ ਤੇ ਨਿੱਜਤਾ ਤੋਂ ਉਪਰ ਉਠਕੇ ਨਿਰੰਤਰ ਨਿਭਾ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਆਪਣੇ ਘਰਾਂ ‘ਚ ਇਕਾਂਤਵਾਸ ਕੋਵਿਡ ਪੀੜਤਾਂ ਦੀ ਮੋਨੀਟਰਿੰਗ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ 1 ਲੱਖ 20 ਹਜ਼ਾਰ ਤੋਂ ਵਧੇਰੇ ਟੈਸਟ ਹੋ ਚੁੱਕੇ ਹਨ ਅਤੇ 9176 ਪਾਜਿਟਿਵ ਮਾਮਲੇ ਸਾਹਮਣੇ ਆਏ ਸਨ, ਇਸ ਸਮੇਂ ਪਟਿਆਲਾ ਜ਼ਿਲ੍ਹੇ ਅੰਦਰ 1942 ਐਕਟਿਵ ਕੇਸ ਹਨ, 6982 ਠੀਕ ਹੋਏ, 252 ਮੌਤਾਂ ਹੋਈਆਂ ਅਤੇ ਹੁਣ ਤੱਕ 1200 ਮਰੀਜ ਘਰਾਂ ‘ਚ ਏਕਾਂਤਵਾਸ ਹਨ, ਜਿਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਮੋਨੀਟਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਇਕਾਂਤਵਾਸ ਮਰੀਜਾਂ ਨੂੰ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ 104 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਟੈਸਟਿੰਗ ਦੀ ਦਰ ਵਧੀ ਹੈ ਪਰੰਤੂ ਮੌਤਾਂ ਦਾ ਅੰਕੜਾ ਪਿਛਲੇ ਇੱਕ ਹਫ਼ਤੇ ਨਾਲੋਂ ਘਟਿਆ ਹੈ ਪਰੰਤੂ ਕੇਸ ਵੀ ਵਧੇ ਹਨ, ਜਿਸ ਲਈ ਲੋਕਾਂ ਨੂੰ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਇੱਕ ਵੀ ਕੇਸ ਬਾਹਰ ਘੁੰਮਦਾ ਰਿਹਾ ਤਾਂ ਕੇਸ ਵੱਧਦੇ ਜਾਣਗੇ, ਜਿਸ ਲਈ ਹਰੇਕ ਉਸ ਵਿਅਕਤੀ, ਜਿਸ ਨੂੰ ਕੋਰੋਨਾ ਦੇ ਕੋਈ ਲੱਛਣ ਹੋਣ ਜਾਂ ਉਹ ਕਿਸੇ ਪਾਜਿਟਿਵ ਕੇਸ ਦੇ ਸੰਪਰਕ ‘ਚ ਆਇਆ ਹੋਵੇ ਆਪਣੀ ਟੈਸਟਿੰਗ ਲਾਜਮੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਸਮੇਤ ਗੰਭੀਰ ਰੋਗਾਂ ਦੇ ਮਰੀਜਾਂ ਦਾ ਖਾਸ ਖਿਆਲ ਰੱਖਣ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਰਾਤ ਦੇ ਕਰਫਿਊ ‘ਚ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਨਾਲ ਹੀ ਅਫ਼ਵਾਹਾਂ ਫੈਲਾਉਣ ਵਾਲਿਆਂ ‘ਤੇ ਵੀ ਸਿਕੰਜ਼ਾ ਕਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲੋਂ ਵਚਨਬੱਧ ਹੈ ਕਿ ਕੋਵਿਡ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾਵੇ, ਜਿਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਪਰੰਤੂ ਲੋਕਾਂ ਦਾ ਇਸ ਮਾਮਲੇ ‘ਚ ਸਹਿਯੋਗ ਬਹੁਤ ਜਰੂਰੀ ਹੈ।

Leave a Reply

Your email address will not be published. Required fields are marked *