-ਮਰੀਜਾਂ ਦੀ ਹੌਂਸਲਾ ਅਫ਼ਜਾਈ ਲਈ ਜੇਤੂਆਂ ਨੂੰ ਇਨਾਮ ਵੀ ਤਕਸੀਮ
-ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ‘ਚੋਂ ਹੁਣ ਤੱਕ 693 ਮਰੀਜ ਠੀਕ ਹੋ ਕੇ ਘਰਾਂ ਨੂੰ ਪਰਤੇ

ਪਟਿਆਲਾ, 16 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : ਕੋਵਿਡ ਕੇਅਰ ਸੈਂਟਰ, ਸਰਕਾਰੀ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਦਾਖਲ ਕੋਵਿਡ-19 ਦੀ ਲਾਗ ਤੋਂ ਪ੍ਰਭਾਵਤ ਵਿਅਕਤੀਆਂ ਨੂੰ ਰੁਝੇ ਰੱਖਣ ਅਤੇ ਉਨ੍ਹਾਂ ਦਾ ਧਿਆਨ ਹਾਂ-ਪੱਖੀ ਗਤੀਵਿਧੀਆਂ ‘ਚ ਲਗਾਈ ਰੱਖਣ ਲਈ ਰੋਜ਼ਾਨਾ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨਿਰੰਤਰ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਮਰੀਜਾਂ ਦੇ ਕਲੇਅ ਮਾਡਲਿੰਗ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ, ਜਿਸ ‘ਚ 20 ਤੋਂ ਵਧੇਰੇ ਮਰੀਜਾਂ ਨੇ ਹਿੱਸਾ ਲਿਆ।
ਕੋਵਿਡ ਕੇਅਰ ਸੈਂਟਰ ਦੇ ਇੰਚਾਰਜ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਦਾ ਇਹ ਕੋਵਿਡ ਕੇਅਰ ਸੈਂਟਰ, ਕੋਵਿਡ ਦੀ ਲਾਗ ਤੋਂ ਪ੍ਰਭਾਵਤ ਮਰੀਜਾਂ ਨੂੰ ਸਿਹਤਯਾਬ ਕਰਨ ‘ਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮਰੀਜਾਂ ਨੂੰ ਬਿਹਤਰ ਖਾਣਾ ਤੇ ਸਿਹਤ ਸੰਭਾਲ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਇੱਥੇ 808 ਮਰੀਜ ਦਾਖਲ ਹੋਏ, ਜਿਨ੍ਹਾਂ ‘ਚੋਂ ਮਿਸ਼ਨ ਫ਼ਤਿਹ ਤਹਿਤ 693 ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ 55 ਮਰੀਜਾਂ ਨੂੰ ਰਾਜਿੰਦਰਾ ਹਸਪਤਾਲ ਜਾਂ ਕਿਸੇ ਹੋਰ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ ਅਤੇ 60 ਐਕਟਿਵ ਮਾਮਲੇ ਹਨ ਜਦੋਂਕਿ ਅੱਜ 9 ਨਵੇਂ ਮਰੀਜ ਦਾਖਲ ਹੋਏ ਅਤੇ 6 ਜਣਿਆਂ ਨੂੰ ਅੱਜ ਛੁੱਟੀ ਦੇ ਕੇ ਘਰ ਵੀ ਭੇਜਿਆ ਗਿਆ।
ਕੋਵਿਡ ਕੇਅਰ ਸੈਂਟਰ ਦੇ ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਕਲੇਅ ਮਾਡਲਿੰਗ ਅਤੇ ਚਿੱਤਰਕਾਰੀ ਮੁਕਾਬਲਿਆਂ ‘ਚ 20 ਤੋਂ ਵਧੇਰੇ ਮਰੀਜਾਂ ਨੇ ਭਾਗ ਲਿਆ ਅਤੇ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ। ਇਸ ਦੌਰਾਨ ਡਾ. ਯਾਦਵਿੰਦਰ ਸਿੰਘ, ਸਟਾਫ਼ ਨਰਸ ਪੂਨਮ ਮਨਹਾਸ ਅਤੇ ਫਾਰਮਾਸਿਸਟ ਰਮਨਦੀਪ ਸਿੰਘ ਨੇ ਇਸ ‘ਚ ਜੱਜਾਂ ਦੀ ਭੂਮਿਕਾ ਨਿਭਾਈ। ਮੁਕਾਬਲੇ ਦੇ ਜੇਤੂਆਂ ਦੀ ਹੌਂਸਲਾ ਅਫ਼ਜਾਈ ਲਈ ਇਨਾਮ ਵੀ ਤਕਸੀਮ ਕੀਤੇ ਗਏ।
ਡਾ. ਜੇਤਲੀ ਨੇ ਦੱਸਿਆ ਕਿ ਚਿੱਤਰਕਾਰੀ ਮੁਕਾਬਲੇ ‘ਚ ਪਹਿਲਾ ਇਨਾਮ ਰੇਖਾ, ਦੂਜਾ ਅੰਜਲੀ ਰਾਣੀ ਤੇ ਤੀਜਾ ਇਨਾਮ ਅਮਨਦੀਪ ਕੌਰ ਦੇ ਹਿੱਸੇ ਆਇਆ ਅਤੇ ਕਲੇਅ ਮਾਡਲਿੰਗ ‘ਚ ਪਹਿਲਾ ਇਨਾਮ ਅਰਵਿੰਦ ਕੁਮਾਰ, ਦੂਜਾ ਅੰਜਲੀ ਰਾਣੀ ਅਤੇ ਤੀਜਾ ਰੂਪੀ ਦੇ ਹਿੱਸੇ ਆਇਆ।

Leave a Reply

Your email address will not be published. Required fields are marked *