-ਰਾਜ ‘ਚ ਖੇਡ ਸੱਭਿਆਚਾਰ ਸਿਰਜੇਗੀ ਪੰਜਾਬ ਖੇਡ ਯੂਨੀਵਰਸਿਟੀ-ਵੀ.ਸੀ. ਜੇ.ਐਸ. ਚੀਮਾ
-ਕੋਵਿਡ ਪੀੜਤਾਂ ਦੀ ਸਿਹਤਯਾਬੀ ਤੇ ਰੋਗ ਨਿਰੋਧਕ ਸ਼ਕਤੀ ਵਧਾਉਣ ਲਈ ਪ੍ਰਦਰਸ਼ਨੀ ਯੋਗਾ ਕੈਂਪ ਲਗਾਇਆ
-ਮਿਸ਼ਨ ਫ਼ਤਿਹ ਦੀ ਸਫ਼ਲਤਾ ਤੇ ਕੋਵਿਡ ਦੀ ਲਾਗ ਤੋਂ ਬਚਣ ਲਈ ਯੋਗਾ ਲਾਹੇਵੰਦ-ਸੁਰਭੀ ਮਲਿਕ

ਪਟਿਆਲਾ, 16 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਪਹਿਲਾ ਸਥਾਪਨਾ ਦਿਵਸ ਅੱਜ ਇੱਥੇ ਫੁਹਾਰਾ ਚੌਂਕ ਨੇੜੇ ਮਹਿੰਦਰਾ ਕੋਠੀ ਵਿਖੇ ਸਥਿਤ ਯੂਨੀਵਰਸਿਟੀ ਕੈਂਪਸ ਵਿਖੇ ਸਾਦੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਖੇਡ ਯੂਨੀਵਰਸਿਟੀ ਦੇ ਪਹਿਲੇ ਉਪ ਕੁਲਪਤੀ ਲੈਫ. ਜਨਰਲ (ਸੇਵਾ ਮੁਕਤ) ਜੇ. ਐਸ. ਚੀਮਾ ਨੇ ਯੂਨੀਵਰਸਿਟੀ ਦੇ ਪਲੇਠੇ ਸਥਾਪਨਾ ਦਿਵਸ ਦੀ ਸਮੂਹ ਪੰਜਾਬ ਵਾਸੀਆਂ, ਅਧਿਆਪਕਾਂ, ਪ੍ਰਬੰਧਕੀ ਅਮਲੇ ਸਮੇਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਰਾਜ ‘ਚ ਖੇਡ ਸੱਭਿਆਚਾਰ ਸਿਰਜੇਗੀ।
ਉਪ ਕੁਲਪਤੀ ਨੇ ਦੱਸਿਆ ਕਿ ਦੋ ਕੋਰਸਾਂ ਨਾਲ ਸ਼ੁਰੂਆਤ ਕਰਕੇ ਆਪਣੇ ਸਫ਼ਰ ਨੂੰ ਅੱਗੇ ਵਧਾਉਂਦਿਆਂ ਅਤੇ ਕਈ ਹੋਰ ਨਵੇਂ ਕੋਰਸ ਸ਼ੁਰੂ ਕਰਕੇ ਖੇਡ ਯੂਨੀਵਰਸਿਟੀ, ਪੰਜਾਬ ‘ਚ ਖੇਡ ਵਿਗਿਆਨ, ਖੇਡ ਤਕਨਾਲੋਜੀ, ਖੇਡ ਮੈਨੇਜਮੈਂਟ ਅਤੇ ਸਪੋਰਟਸ ਕੋਚਿੰਗ ਦੇ ਖੇਤਰਾਂ ‘ਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸੁਪਨੇ ਦੀ ਪੂਰਤੀ ਕਰਨ ਵੱਲ ਵਧ ਰਹੀ ਹੈ।
ਸ੍ਰੀ ਚੀਮਾ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਨੇ ਰਾਜ ਅੰਦਰਲੇ ਖੇਡ ਕਾਲਜਾਂ ਨੂੰ ਆਪਣੇ ਨਾਲ ਜੋੜ ਕੇ ਖੇਡ ਸਿੱਖਿਆ ਦੇ ਮਿਆਰੀਕਰਨ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ‘ਚ ਨਵੇਂ ਦਿਸਹੱਦੇ ਦਿਖਾਏ ਜਾ ਸਕਣ।
ਲੈਫ. ਜਨਰਲ ਜੇ.ਐਸ. ਚੀਮਾ ਨੇ ਹੋਰ ਦੱਸਿਆ ਕਿ ਯੂਨੀਵਰਸਿਟੀ ਵਿਖੇ ਨਵੇਂ ਦਾਖਲਿਆਂ ਲਈ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਵੀ ਕੀਤੀ ਕਿ ਖੇਡਾਂ ਦੇ ਖੇਤਰ ‘ਚ ਨੌਕਰੀਆਂ ਅਤੇ ਭਵਿੱਖ ਸੰਵਾਰਨ ਦੇ ਅਨੇਕਾਂ ਮੌਕੇ ਉਪਲਬਧ ਹਨ ਅਤੇ ਜਿਨ੍ਹਾਂ ਨੂੰ ਹਾਸਲ ਕਰਨ ਲਈ ਵਿਦਿਆਰਥੀ ਖੇਡਾਂ ਦੇ ਖੇਤਰ ‘ਚ ਪੜ੍ਹਾਈ ਕਰਨ ਲਈ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ‘ਚ ਦਾਖਲੇ ਲੈਣ ਲਈ ਅੱਗੇ ਆਉਣ।
ਇਸ ਦੌਰਾਨ ਮਿਸ਼ਨ ਫ਼ਤਿਹ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਸਰੀਰ ਦੀ ਰੋਗ ਨਿਰੋਧਕ ਸ਼ਕਤੀ ਵਧਾਉਣ ‘ਚ ਲਾਹੇਵੰਦ ਯੋਗਾ ਦੇ ਫਾਇਦੇ ਦੱਸਣ ਲਈ ਯੋਗਾ ਦਾ ਇੱਕ ਪ੍ਰਦਰਸ਼ਨੀ ਕੈਂਪ ਲਗਾਇਆ ਗਿਆ, ਜਿਸ ਦੌਰਾਨ ਐਨ.ਆਈ.ਐਸ. ਦੇ ਮੁੱਖ ਯੋਗਾ ਕੋਚ ਡਾ. ਸੀ.ਕੇ. ਮਿਸ਼ਰਾ ਨੇ ਯੋਗਾ ਕਰਵਾਇਆ।
ਤਲਵਾਰਬਾਜੀ ਦੀ ਕੌਮੀ ਖਿਡਾਰਨ ਅਤੇ ਯੋਗਾ ਵਿਦਿਆਰਥਣ ਮਿਸ ਪ੍ਰਤਿਸ਼ਾ ਮਿਸ਼ਰਾ ਨੇ ਕੋਵਿਡ ਤੋਂ ਬਚਣ ਤੇ ਰੋਗ ਨਿਰੋਗਕ ਸ਼ਕਤੀ ਵਧਾਉਣ, ਕੋਵਿਡ ਪੀੜਤਾਂ ਨੂੰ ਦਰਪੇਸ਼ ਸਾਹ ਦੀ ਸਮੱਸਿਆ ਤੋਂ ਨਿਜਾਤ ਪਾਉਣ ਅਤੇ ਜਲਦੀ ਸਿਹਤਯਾਬੀ ਲਈ ਯੋਗਾ ਦੇ ਵੱਖ-ਵੱਖ ਆਸਣ ਕਰਕੇ ਦਿਖਾਏ। ਇਸ ਸਬੰਧੀ ਯੂਨੀਵਰਸਿਟੀ ਦੇ ਰਜਿਸਟਰਾਰ ਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਮਿਸ਼ਨ ਫ਼ਤਿਹ ਤਹਿਤ ਕੋਵਿਡ ਤੋਂ ਬਚਣ ਲਈ ਯੋਗਾ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਇਸ ਮੌਕੇ ਰਜਿਸਟਰਾਰ ਸ੍ਰੀਮਤੀ ਸੁਰਭੀ ਮਲਿਕ, ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਕੋਆਰਡੀਨੇਟਰ ਡਾ. ਪਰਮਵੀਰ ਸਿੰਘ, ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਹਰਪਾਲ ਕੌਰ, ਪ੍ਰੋ. ਇੰਦਰਜੀਤ ਸਿੰਘ ਚੀਮਾ, ਪ੍ਰੋ. ਅੰਮ੍ਰਿਤਪਾਲ ਧੀਮਾਨ ਸਮੇਤ ਖੇਡ ਯੂਨੀਵਰਸਿਟੀ ਦੇ ਅਧਿਆਪਕ ਅਤੇ ਹੋਰ ਪ੍ਰਬੰਧਕੀ ਅਮਲਾ ਵੀ ਮੌਜੂਦ ਸੀ।

Leave a Reply

Your email address will not be published. Required fields are marked *