ਪਟਿਆਲਾ, 28 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੀ ਟੀਮ ਵਲੋਂ ਸ਼ਹੀਦ-ਏ-ਆਜਮ ਸ੍ਰ: ਭਗਤ ਸਿੰਘ ਦਾ 113ਵਾਂ ਜਨਮ ਦਿਹਾੜਾ ਸਥਾਨਕ ਘਲੌੜੀ ਗੇਟ ਵਿਖੇ ਉਹਨਾਂ ਦੇ ਸਮਾਰਕ ਉੱਤੇ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਜਰਨਲ ਸਕੱਤਰ ਜਰਨੈਲ ਸਿੰਘ ਮਨੂੰ ਵਿਸ਼ੇਸ਼ ਤੌਰ ਤੇ ਪਹੁੰਚੇ।

ਸੰਦੀਪ ਬੰਧੂ ਸਾਬਕਾ ਮੀਡੀਆ ਇੰਚਾਰਜ ਨੇ ਦੱਸਿਆ ਕਿ ਅੱਜ ਪਟਿਆਲਾ ਸ਼ਹਿਰੀ ਦੀ ਟੀਮ ਵੱਲੋਂ ਸ਼ਹੀਦ-ਏ-ਆਜਮ ਸ੍ਰ: ਭਗਤ ਸਿੰਘ ਦਾ 113ਵਾਂ ਜਨਮ ਦਿਹਾੜਾ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਪਾਰਟੀ ਵਾਲੰਟੀਅਰ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ, ਅਤੇ ਸਮੂਹ ਵਾਲੰਟੀਅਰਜ਼ ਵਲੋਂ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਨਾਉਣ ਦੀ ਸੌਂਹ ਖਾਧੀ ਗਈ। ਸੰਦੀਪ ਬੰਧੂ ਨੇ ਕਿਹਾ ਕਿ ਆਜਾਦੀ ਦੇ ਪਰਵਾਨੇ ਸ਼ਹੀਦ ਭਗਤ ਸਿੰਘ ਦਾ ਸੁਫ਼ਨਾ ਸੀ ਕਿ ਦੇਸ਼ ਤਰੱਕੀ ਦੀਆਂ ਲੀਹਾਂ ’ਤੇ ਚੱਲੇ ਅਤੇ ਦੇਸ਼ ਦੇ ਨੌਜਵਾਨ ਨਸ਼ਾ ਮੁਕਤ ਹੋ ਕੇ ਦੇਸ਼ ਦੀ ਤਰੱਕੀ ਲਈ ਅਹਿਮ ਯੋਗਦਾਨ ਪਾਉਣ। ਪਰ ਸ਼ਹੀਦ ਭਗਤ ਸਿੰਘ ਦਾ ਸੁਪਨਾ ਅੱਜ ਵੀ ਅਧੂਰਾ ਹੈ। ਕਿਉਂਕਿ ਦੇਸ਼ ਦੇ ਹਾਕਮਾਂ ਦੀ ਸੋਚ ਅੰਗਰੇਜ਼ਾਂ ਨਾਲੋਂ ਵੀ ਵੱਧ ਖ਼ਤਰਨਾਕ ਹੈ। ਦੇਸ਼ ਦੀ ਸੱਤਾ ਦੇ ਕਾਬਜ਼ ਇਹ ਹਾਕਮ ਮੁੱਠੀ ਭਰ ਅਮੀਰ ਘਰਾਣਿਆਂ ਦੀ ਕੱਠਪੁਤਲੀ ਬਣ ਕੇ ਦੇਸ਼ ਨੂੰ ਮੁੜ ਗੁਲਾਮ ਕਰਨ ਵਾਲੇ ਪਾਸੇ ਤੁਰੇ ਪਏ ਹਨ, ਜੋ ਕਿ ਦੇਸ਼ ਦੇ ਇਨਕਲਾਬੀ ਨੌਜਵਾਨ ਕਦੀ ਵੀ ਨਹੀਂ ਹੋਣ ਦੇਣਗੇ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਸਿੰਘ ਮਨੂੰ ਵਿਸ਼ੇਸ਼ ਤੌਰ ਸ਼ਹੀਦ ਭਗਤ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਉਣ ਦਾ ਮਕਸਦ ਉਸ ਦੀ ਇਨਕਲਾਬੀ ਵਿਚਾਰਧਾਰਾ ਨੂੰ ਬੁਲੰਦ ਕਰਦੇ ਹੋਏ ਦੇਸ਼ ਦੇ ਮਿਹਨਤਕਸ਼ ਲੋਕਾਂ, ਨੌਜਵਾਨਾਂ ਅਤੇ ਦਲਿਤਾਂ ਦੀ ਮੁਕਤੀ ਦਾ ਸੁਨੇਹਾ ਦੇਣਾ ਹੈ ਤਾਂ ਜੋ ਭਾਈਚਾਰੇ, ਬਰਾਬਰੀ ਅਤੇ ਵਿਤਕਰੇ ਰਹਿਤ ਸਮਾਜ ਅਤੇ ਰਾਜ ਪ੍ਰਬੰਧ ਸਿਰਜਨ ਲਈ ਸੰਘਰਸ਼ ਵਾਸਤੇ ਲੋਕਾਂ ਨੂੰ ਜਥੇਬੰਦ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਇੱਕ ਆਦਰਸ਼ ਨੌਜਵਾਨ ਅਤੇ ਬਰਾਬਰਤਾ ਦੀ ਵਿਚਾਰਧਾਰਾ ਦੇ ਹਾਮੀ ਸਨ। ਜਦੋਂ ਜਦੋਂ ਵੀ ਆਮ ਲੋਕਾਂ ‘ਤੇ ਸੰਕਟ ਦੇ ਬੱਦਲ ਗਹਿਰਾ ਜਾਂਦੇ ਹਨ, ਭਗਤ ਸਿੰਘ ਸਾਡੇ ਦਰਮਿਆਨ ਆ ਕੇ ਹਾਜ਼ਰ ਹੋ ਜਾਂਦਾ ਹੈ। ਜਦੋਂ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਕਿਸਾਨਾਂ ਤੋਂ ਉਨ੍ਹਾਂ ਦੀ ਖੇਤੀ ਤੇ ਖੇਤ ਖੋਹਣ ਦੇ ਰਾਹ ਪਈ ਹੋਈ ਹੈ, ਭਗਤ ਸਿੰਘ ਹਜ਼ਾਰਾਂ ਨੌਜਵਾਨਾਂ ਦੇ ਰੂਪ ‘ਚ ਸਾਡੇ ਸੰਘਰਸ਼ ‘ਚ ਕੁੱਦ ਪਿਆ ਹੈ। ਭਗਤ ਸਿੰਘ ਦੀ ਸੋਚ ਸਾਡਾ ਪ੍ਰਰੇਰਨਾ ਸਰੋਤ ਬਣ ਕੇ ਇਨ੍ਹਾਂ ਸੰਘਰਸ਼ਾਂ ‘ਚ ਸਾਨੂੰ ਸਹੀ ਰਸਤੇ ‘ਤੇ ਤੋਰਦੀ ਹੈ ਅਤੇ ਦੋਸਤਾਂ ਤੇ ਦੁਸ਼ਮਣਾਂ ਦਰਮਿਆਨ ਫਰਕ ਕਰਨ ਦਾ ਗੁਰ ਦਿੰਦੀ ਹੈ। ਸ਼ਹੀਦ ਭਗਤ ਸਿੰਘ ਦੀ ਵੀਰਤਾ ਅਤੇ ਬਹਾਦਰੀ ਦੀ ਗਾਥਾ ਦੇਸ਼ ਵਾਸੀਆਂ ਨੂੰ ਯੁੱਗਾਂ-ਯੁੱਗਾਂ ਤੱਕ ਪ੍ਰੇਰਿਤ ਕਰਦੀ ਰਹੇਗੀ। ਇਸ ਮੌਕੇ ਜਰਨੈਲ ਮਨੂੰ ਵਲੋਂ ਸ਼ਹੀਦ ਭਗਤ ਸਿੰਘ ਦੀਆਂ ਜੀਵਨ ਘਟਨਾਵਾਂ ਅਤੇ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਤੋਂ ਪਾਰਟੀ ਵਾਲੰਟੀਅਰ ਨੂੰ ਜਾਣੂ ਕਰਵਾਇਆ ਗਿਆ। ਪਾਰਟੀ ਦੇ ਸਮੂਹ ਵਾਲੰਟੀਅਰ ਵਲੋਂ ਇਨਕਲਾਬ ਜਿੰਦਾਬਾਦ ਅਤੇ ਸ਼ਹੀਦ ਭਗਤ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ ਗਏ।

ਇਸ ਮੌਕੇ ਪਾਰਟੀ ਆਗੂ ਸੰਦੀਪ ਬੰਧੂ ਸਾਬਕਾ ਮੀਡੀਆ ਇੰਚਾਰਜ, ਕਿਰਨ ਭਾਟੀਆ ਸਾਬਕਾ ਉਪ-ਪ੍ਰਧਾਨ ਮਹਿਲਾ ਵਿੰਗ ਪੰਜਾਬ, ਡਿੰਪਲ ਬੱਤਾ ਸਾਬਕਾ ਜਰਨਲ ਸਕੱਤਰ ਜਿਲਾ ਮਹਿਲਾ ਵਿੰਗ, ਵਰਿੰਦਰ ਗੌਤਮ ਸਾਬਕਾ ਜਨਰਲ ਸਕੱਤਰ ਜਿਲਾ ਯੂਥ ਵਿੰਗ, ਅਮਰਜੀਤ ਸਿੰਘ ਭਾਟੀਆ ਸਾਬਕਾ ਬਲਾਕ ਪ੍ਰਧਾਨ, ਯੂਥ ਆਗੂ ਗੋਲੂ ਰਾਜਪੂਤ, ਵਰਿੰਦਰ ਸਿੰਘ, ਸੰਨੀ ਕੁਮਾਰ, ਨਦੀਮ ਖਾਨ, ਜੌਨ ਮਸੀਹ, ਸਾਗਰ, ਜਸਵਿੰਦਰ ਕੁਮਾਰ, ਸੁੱਖੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *