ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ : ਕੁਮਾਰ ਅਮਿਤ

ਪਟਿਆਲਾ, 15 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ : ਪੰਜਾਬ ਸਰਕਾਰ ਵੱਲੋਂ ਮਿਤੀ 15 ਅਕਤੂਬਰ ਤੋਂ ਬਾਅਦ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਵਧੇਰੇ ਗਤੀਵਿਧੀਆਂ ਨੂੰ ਇਜਾਜ਼ਤ ਦੇਣ ਦੇ ਫੈਸਲੇ ਤਹਿਤ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਇੱਕ ਨਵੇਂ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੇਸ਼ੱਕ ਕੋਵਿਡ ਦੇ ਮਾਮਲੇ ਘਟ ਰਹੇ ਹਨ ਪ੍ਰੰਤੂ ਇਸ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਲਾਜਮੀ ਵਰਤੀਆਂ ਜਾਣ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਨ੍ਹਾਂ ਨਵੇਂ ਹੁਕਮਾਂ ਮੁਤਾਬਕ ਕੁਝ ਸ਼ਰਤਾਂ ਤਹਿਤ ਆਨ ਲਾਈਨ / ਦੂਰਵਰਤੀ ਸਿੱਖਿਆ ਨੂੰ ਤਰਜੀਹ ਦੇਣ ਅਤੇ ਉਤਸ਼ਾਹਿਤ ਕਰਨ ਤਹਿਤ ਪੜਾਅਵਾਰ ਢੰਗ ਨਾਲ ਸਕੂਲ ਅਤੇ ਕੋਚਿੰਗ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।ਸਿਰਫ 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਦੀ ਸਹਿਮਤੀ ਨਾਲ ਸਕੂਲ / ਸੰਸਥਾਵਾਂ ‘ਚ ਜਾਣ ਦੀ ਆਗਿਆ ਹੋਵੇਗੀ।ਹਾਜ਼ਰੀ ਨੂੰ ਲਾਜ਼ਮੀ ਬਣਾਏ ਬਿਨਾਂ ਇਹ ਪੂਰੀ ਤਰ੍ਹਾਂ ਮਾਪਿਆਂ ਦੀ ਸਹਿਮਤੀ ‘ਤੇ ਨਿਰਭਰ ਹੋਣਾ ਚਾਹੀਦਾ ਹੈ।
ਜਿਹੜੇ ਸਕੂਲਾਂ ਨੂੰ 15 ਅਕਤੂਬਰ ਤੋਂ ਬਾਅਦ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਉਨਾਂ ਨੂੰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਲਾਹ ਮਸ਼ਵਰੇ ਜ਼ਰੀਏ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾਣ ਵਾਲੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ਼) ਦੀ ਲਾਜ਼ਮੀ ਤੌਰ ‘ਤੇ ਪਾਲਣਾ ਕਰਨੀ ਹੋਵੇਗੀ।
ਇਸ ਤੋਂ ਇਲਾਵਾ ਪ੍ਰਯੋਗਸ਼ਾਲਾਵਾਂ/ਪ੍ਰਯੋਗਾਤਮਕ ਕਾਰਜਾਂ ਦੀ ਜ਼ਰੂਰਤ ਅਨੁਸਾਰ ਸਿਰਫ਼ ਖੋਜ ਵਿਦਵਾਨਾਂ (ਪੀ.ਐਚ.ਡੀ) ਅਤੇ ਸਾਇੰਸ ਅਤੇ ਤਕਨਾਲੋਜੀ ਸਟਰੀਮ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਉੱਚ ਵਿਦਿਅਕ ਸੰਸਥਾਵਾਂ ਅੱਜ ਤੋਂ ਬਾਅਦ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।ਕੇਂਦਰ ਤੋਂ ਫੰਡ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ਸਬੰਧੀ ਸੰਸਥਾ ਦਾ ਮੁਖੀ ਪ੍ਰਯੋਗਸ਼ਾਲਾਵਾਂ/ ਪ੍ਰਯੋਗਾਤਮਕ ਕਾਰਜਾਂ ਦੀ ਲੋੜ ਅਨੁਸਾਰ ਖੋਜ ਵਿਦਵਾਨਾਂ ਤੇ ਵਿਗਿਆਨ ਅਤੇ ਤਕਨਾਲੋਜੀ ਸਟਰੀਮ ਦੇ  ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਦੀ ਲੋੜ ਮੁਤਾਬਕ ਫੈਸਲਾ ਲਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਰਾਜ ਦੀਆਂ ਹੋਰ ਉੱਚ ਸਿੱਖਿਆ ਸੰਸਥਾਵਾਂ ਜਿਵੇਂ ਰਾਜ ਦੀਆਂ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਵੀ 15 ਅਕਤੂਬਰ 2020 ਤੋਂ ਪ੍ਰਯੋਗਸ਼ਾਲਾਵਾਂ/ਪ੍ਰਯੋਗਾਤਮਕ ਲੋੜਾਂ ਅਨੁਸਾਰ ਕੇਵਲ ਖੋਜ ਵਿਦਵਾਨਾਂ (ਪੀਐਚ.ਡੀ.) ਅਤੇ ਸਾਇੰਸ ਅਤੇ ਤਕਨਾਲੋਜੀ ਸਟਰੀਮ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਖਿਡਾਰੀਆਂ ਲਈ ਵਰਤੇ ਜਾਂਦੇ ਤੈਰਾਕੀ ਪੂਲ ਨੂੰ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਤੇ ਖੇਡ ਮੰਤਰਾਲੇ (ਐਮ.ਓ.ਆਈ.ਏ. ਐਂਡ ਐਸ) ਦੁਆਰਾ ਜਾਰੀ ਕੀਤੇ ਜਾਣ ਵਾਲੇ ਐਸ.ਓ.ਪੀਜ਼ ਅਨੁਸਾਰ 15.10.2020 ਤੋਂ ਬਾਅਦ ਖੋਲ੍ਹਣ ਦੀ ਆਗਿਆ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਵਣਜ ਮੰਤਰਾਲੇ (ਐਮਓਸੀ) ਦੁਆਰਾ ਜਾਰੀ ਐਸਓਪੀਜ਼ ਅਨੁਸਾਰ 15.10.2020 ਤੋਂ ਬਿਜ਼ਨਸ ਟੂ ਬਿਜ਼ਨਸ (ਬੀ 2 ਬੀ) ਪ੍ਰਦਰਸ਼ਨੀਆਂ ਨੂੰ ਖੋਲ੍ਹਣ ਦੀ ਆਗਿਆ ਵੀ ਦਿੱਤੀ ਗਈ ਹੈ।
ਇਨ੍ਹਾਂ ਹੁਕਮਾਂ ਮੁਤਾਬਕ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਮਾਜਿਕ / ਅਕਾਦਮਿਕ / ਖੇਡਾਂ / ਮਨੋਰੰਜਨ / ਸੱਭਿਆਚਾਰਕ / ਧਾਰਮਿਕ / ਰਾਜਨੀਤਿਕ ਸਮਾਗਮ, ਜਿਨ੍ਹਾਂ ਵਿਚ ਵਿਆਹ ਤੇ ਸਸਕਾਰ ਅਤੇ ਹੋਰ ਸਮਾਗਮ ਸ਼ਾਮਲ ਹਨ, ਲਈ ਪਹਿਲਾਂ ਹੀ 100 ਵਿਅਕਤੀਆਂ ਦੀ ਸੀਮਾ ਨਾਲ ਆਗਿਆ ਦਿੱਤੀ ਗਈ ਹੈ। ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਇਸ ਤਰ੍ਹਾਂ ਦੇ ਇਕੱਠਾਂ ਲਈ 100 ਵਿਅਕਤੀਆਂ ਦੀ ਨਿਰਧਾਰਤ ਸੀਮਾ ਤੋਂ ਵੱਧ ਇਕੱਠ ਕਰਨ ਦੀ ਆਗਿਆ ਕੁਝ ਸ਼ਰਤਾਂ ਅਧੀਨ 15.10.2020 ਤੋਂ ਹੋਵੇਗੀ ਜਿਵੇਂ ਕਿ ਬੰਦ ਥਾਵਾਂ ‘ਚ 200 ਵਿਅਕਤੀਆਂ ਦੀ ਸੀਮਾ ਦੇ ਨਾਲ ਹਾਲ ਦੀ ਵੱਧ ਤੋਂ ਵੱਧ 50 ਫ਼ੀਸਦੀ ਸਮਰੱਥਾ ਦੀ ਆਗਿਆ ਹੈ। ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਥਰਮਲ ਸਕੈਨਿੰਗ ਦੀ ਵਿਵਸਥਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਲਾਜ਼ਮੀ ਹੋਵੇਗੀ।
ਜਦੋਂਕਿ ਖੁੱਲ੍ਹੀਆਂ ਥਾਵਾਂ, ਜ਼ਮੀਨ / ਜਗ੍ਹਾ ਦੇ ਅਕਾਰ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਦੀ ਆਗਿਆ ਨਾਲ ਹੀ ਸਮਾਜਿਕ ਦੂਰੀ ਬਣਾਏ ਰੱਖਣ, ਲਾਜ਼ਮੀ ਮਾਸਕ ਪਾਉਣ, ਥਰਮਲ ਸਕੈਨਿੰਗ ਦੀ ਵਿਵਸਥਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਦੇ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਨਾਲ ਇਸ ਤਰ੍ਹਾਂ ਦੇ ਇਕੱਠਾਂ ਦੀ ਆਗਿਆ ਹੋਵੇਗੀ।ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਮੁਤਾਬਕ ਸਿਰਫ ਮਨੋਰੰਜਨ ਦੇ ਸਮਾਗਮਾਂ ਲਈ 100 ਵਿਅਕਤੀਆਂ ਤੋਂ ਵੱਧ ਦੇ ਇਕੱਠ ਦੀ ਇਜ਼ਾਜ਼ਤ ਨਹੀਂ ਹੋਵੇਗੀ।

Leave a Reply

Your email address will not be published. Required fields are marked *