ਸੁਸਾਇਟੀ ਉੱਤਰੀ ਭਾਰਤ ਵਿੱਚ ਮੋਹਰੀ ਸੰਸਥਾ ਵਜੋਂ ਉੱਭਰੀ ; 30 ਲੱਖ ਰੁਪਏ ਦਾ ਮਿਲਿਆ ਇਨਾਮ

ਚੰਡੀਗੜ੍ਹ, 16 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਰੈਡ ਕਰਾਸ ਸੁਸਾਇਟੀ ਨੂੰ ਦੇਸ਼ ਦੀ ਦੂਜੀ ਸਰਵੋਤਮ ਸੰਸਥਾ ਵਜੋਂ ਚੁਣੇ ਜਾਣ ਅਤੇ ਸਮੁੱਚੀ ਕਾਰਗੁਜ਼ਾਰੀ ਦੇ ਮਾਮਲੇ ਵਿੱਚ ਉੱਤਰੀ ਭਾਰਤ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ `ਤੇ ਵਧਾਈ ਦਿੱਤੀ ਹੈ। ਪੰਜਾਬ ਰਾਜ ਰੈਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀਆਂ ਨੂੰ ਆਪਣੇ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ, ਜੋ ਸੁਸਾਇਟੀ ਦੇ ਪ੍ਰਧਾਨ ਹਨ, ਨੇ ਕਿਹਾ ਕਿ ਰਾਜਪਾਲ ਜੋ ਕਿ ਇਸ ਦੇ ਚੇਅਰਮੈਨ ਹਨ, ਦੇ ਮਾਰਗ ਦਰਸ਼ਨ ਹੇਠ ਸਟੇਟ ਰੈੱਡ ਕਰਾਸ ਸੁਸਾਇਟੀ ਖੂਨਦਾਨ ਕੈਂਪ ਅਤੇ ਸਿਹਤ ਜਾਂਚ ਕੈਂਪ ਲਗਾ ਕੇ ਅਤੇ ਕੋਵਿਡ -19 ਮਹਾਂਮਾਰੀ ਦੇ ਚੱਲਦਿਆਂ ਲੋਕਾਂ ਨੂੰ  ਸਿਹਤ ਸਬੰਧੀ ਪ੍ਰੋਟੋਕੋਲਾਂ ਦੀ ਪਾਲਣਾ ਲਈ ਜਾਗਰੂਕ ਕਰਕੇ ਮਨੁੱਖਤਾ ਦੀ ਭਲਾਈ ਲਈ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਟੇਟ ਰੈਡ ਕਰਾਸ ਸੁਸਾਇਟੀ ਦੇ ਸੀਈਓ ਕਮ ਸਕੱਤਰ ਸੀ.ਐਸ. ਤਲਵਾੜ (ਸੇਵਾਮੁਕਤ ਆਈ.ਏ.ਐੱਸ) ਨੇ ਦੱਸਿਆ ਕਿ ਸੁਸਾਇਟੀ ਨੂੰ ਇਸ ਐਵਾਰਡ ਦਾ ਐਲਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਜੋ ਕਿ ਨੈਸ਼ਨਲ ਹੈੱਡਕੁਆਟਰਜ਼ ਆਫ਼ ਦ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਚੇਅਰਮੈਨ ਹਨ, ਵੱਲੋਂ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਵਿਖੇ ਇਕ ਵਰਚੁਅਲ ਕਾਨਫਰੰਸ ਦੌਰਾਨ ਕੀਤਾ ਗਿਆ। ਇਹ ਐਵਾਰਡ ਇਸੇ ਸਾਲ ਸ਼ੁਰੂ ਕੀਤੇ ਗਏ ਹਨ ਅਤੇ ਪੰਜਾਬ ਸਟੇਟ ਰੈਡ ਕਰਾਸ ਸੁਸਾਇਟੀ ਨੂੰ 2019-20 ਲਈ ਐਵਾਰਡ ਵਾਸਤੇ ਚੁੁਣਿਆ ਗਿਆ ਹੈ। ਸੀ.ਐਸ. ਤਲਵਾੜ ਨੇ ਅੱਗੇ ਦੱਸਿਆ ਕਿ ਪੰਜਾਬ ਸਟੇਟ ਰੈਡ ਕਰਾਸ ਸੁਸਾਇਟੀ ਦੀ ਕਾਰਗੁਜ਼ਾਰੀ ਦਾ 28 ਮਾਪਦੰਡਾਂ `ਤੇ ਮੁਲਾਂਕਣ ਕੀਤਾ ਗਿਆ ਜਿਸ ਉਪਰੰਤ ਸੁਸਾਇਟੀ ਨੂੰ ਦੂਜੇ ਸਰਬੋਤਮ ਪੁਰਸਕਾਰ ਅਤੇ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਗਿਆ।ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ ਗੁਜਰਾਤ ਨੂੰ ਜਦੋਂ ਕਿ ਤੀਜਾ ਸਥਾਨ ਤਾਮਿਲਨਾਡੂ ਨੂੰ ਮਿਲਿਆ ਹੈ।

Leave a Reply

Your email address will not be published. Required fields are marked *