-19 ਅਕਤੂਬਰ ਨੂੰ ਸਕੂਲ ਖੋਲ੍ਹਣ ਸਬੰਧੀ ਵਿਆਪਕ ਸਫਾਈ ਤੇ ਸੈਂਟਾਈਜੇਸ਼ਨ ਮੁਹਿੰਮ-ਸਿੰਗਲਾ

ਪਟਿਆਲਾ, 16 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਰਾਜ ਅੰਦਰ 19 ਅਕਤੂਬਰ ਤੋਂ ਖੁੱਲ੍ਹ ਰਹੇ ਸਰਕਾਰੀ ਸਕੂਲਾਂ ਵਿਖੇ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕੀਤੇ ਜਾਣ ਤਹਿਤ ਅੱਜ ਪਟਿਆਲਾ ਸ਼ਹਿਰ ਦੇ ਦੋ ਵੱਡੇ ਸਰਕਾਰੀ ਸਕੂਲਾਂ ਵਿੱਚ ਕੀਤੇ ਜਾ ਰਹੇ ਅਗਾਊ ਪ੍ਰਬੰਧਾਂ ਦਾ ਮੁਆਇਨਾ ਕੀਤਾ।
ਸ੍ਰੀ ਸਿੰਗਲਾ ਨੇ ਇੱਥੇ ਪਾਸੀ ਰੋਡ ‘ਤੇ ਸਥਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿੱਖਿਆ ਮੰਤਰੀ ਨੇ ਇਸ ਦੌਰਾਨ ਜਮਾਤਾਂ ਵਾਲੇ ਕਮਰਿਆਂ, ਪਖਾਨਿਆਂ, ਪੀਣ ਵਾਲੇ ਪਾਣੀ ਅਤੇ ਵਿਸ਼ਾਣੂ ਰਹਿਤ ਕਰਨ ਦੀ ਪ੍ਰਕਿਰਿਆ ਦਾ ਬਹੁਤ ਹੀ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ, ਪ੍ਰਿੰ. ਤੋਤਾ ਸਿੰਘ ਚਹਿਲ, ਪ੍ਰਿੰ. ਵਰਿੰਦਰ ਬਾਤਿਸ਼, ਸੁਰਿੰਦਰ ਸਿੰਘ ਭਰੂਰ ਅਤੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਕਿਹਾ ਕਿ ਅਧਿਆਪਕਾਂ ਦਾ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਸਭ ਤੋਂ ਲਾਜ਼ਮੀ ਹੈ, ਜਿਸ ਤਹਿਤ ਮਾਸਕ ਦੀ ਲਾਜ਼ਮੀ ਵਰਤੋਂ, ਹੱਥਾਂ ਨੂੰ ਵਿਸ਼ਾਣੂ ਰਹਿਤ ਕਰਨਾ ਤੇ ਸਮਾਜਿਕ ਦੂਰੀ ਬਣਾਕੇ ਰੱਖਣਾ ਆਦਿ ਸਾਵਧਾਨੀਆਂ ਅਹਿਮ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਕੋਵਿਡ-19 ਦੌਰਾਨ ਸਕੂਲ ਖੁੱਲ੍ਹਣ ਮੌਕੇ ਵਿਦਿਆਰਥੀਆਂ ਲਈ ਆਦਰਸ਼ ਬਣਕੇ ਵਿਚਰਨਾ ਪਵੇਗਾ ਜਿਸ ਸਦਕਾ ਹੀ ਵਿਦਿਆਰਥੀ ਕੋਵਿਡ ਸਬੰਧੀ ਸਾਵਧਾਨੀਆਂ ਵਰਤਣਗੇ।
ਸ੍ਰੀ ਸਿੰਗਲਾ ਨੇ ਕਿਹਾ ਕਿ ਮਾਪਿਆਂ ਵੱਲੋਂ ਲਿਖਤੀ ਰੂਪ ‘ਚ ਦਿੱਤਾ ਗਿਆ ਸਹਿਮਤੀ ਪੱਤਰ ਹਰੇਕ ਵਿਦਿਆਰਥੀ ਕੋਲ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਸਕੂਲ ‘ਚ ਆਉਣ ਸਬੰਧੀ ਗਰੁੱਪ ਵਾਰ ਬੁਲਾਇਆ ਜਾਵੇ ਤਾਂ ਜੋ ਸਮਾਜਿਕ ਦੂਰੀ ਬਰਾਬਰ ਰੱਖੀ ਜਾ ਸਕੇ। ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਦੇ ਸਕੂਲਾਂ ਵੱਲੋਂ 19 ਅਕਤੂਬਰ ਨੂੰ ਸਕੂਲ ਖੋਲ੍ਹਣ ਸਬੰਧੀ ਵਿਆਪਕ ਸਫਾਈ ਤੇ ਸੈਂਟੇਟਾਈਜੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ, ਉਮੀਦ ਹੈ ਕਿ ਬਾਕੀ ਰਹਿੰਦੇ ਦੋ ਦਿਨਾਂ ਦੌਰਾਨ ਇਹ ਮੁਹਿੰਮ ਨੇਪਰੇ ਚੜ੍ਹ ਜਾਵੇਗੀ। ਸਿੱਖਿਆ ਮੰਤਰੀ ਨੇ ਸਕੂਲਾਂ ਦੇ ਸਫ਼ਾਈ ਕਰਮਚਾਰੀਆਂ ਨੂੰ ਸੈਂਟਾਈਜੇਸ਼ਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਦੋਨਾਂ ਸਕੂਲਾਂ ਦੇ ਅਮਲੇ ਨਾਲ ਮੀਟਿੰਗਾਂ ਅਤੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵੀ ਪ੍ਰਿੰਸੀਪਲਾਂ ਤੋਂ ਜਾਣਕਾਰੀ ਹਾਸਿਲ ਕਰਕੇ ਹੋਰ ਜਰੂਰਤਾਂ ਸਬੰਧੀ ਵੀ ਚਰਚਾ ਕੀਤੀ।

Leave a Reply

Your email address will not be published. Required fields are marked *