-ਹਫ਼ਤੇ ਦੌਰਾਨ 259 ਯੂ.ਡੀ.ਆਈ.ਡੀ. ਕਾਰਡ ਕੀਤੇ ਜਾਰੀ : ਕੁਮਾਰ ਅਮਿਤ
-ਯੂ.ਡੀ.ਆਈ.ਡੀ. ਕਾਰਡ ਬਣਾਉਣ ‘ਚ ਪਟਿਆਲਾ ਸੂਬੇ ‘ਚੋਂ ਦੂਸਰੇ ਸਥਾਨ ‘ਤੇ

ਪਟਿਆਲਾ, 28 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਪ੍ਰਧਾਨਗੀ ਹੇਠ ਅੱਜ ਸਰਬੱਤ ਸਿਹਤ ਬੀਮਾ ਯੋਜਨਾ ਅਤੇ ਯੂ.ਡੀ.ਆਈ.ਡੀ ਨਾਲ ਸਬੰਧਤ ਜਿਲ੍ਹਾ ਪੱਧਰੀ ਮੀਟਿੰਗ ਹੋਈ, ਜਿਸ ‘ਚ ਵਿਸ਼ੇਸ਼ ਤੌਰ ‘ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਚੰਡੀਗੜ੍ਹ ਵੱਲੋਂ ਸ. ਮਨਪ੍ਰੀਤ ਸਿੰਘ ਨੇ ਭਾਗ ਲਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗਜਨ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਯੂ.ਡੀ.ਆਈ.ਡੀ. ਕਾਰਡ ਬਣਾਉਣ ਦਾ ਕੰਮ ਦਫ਼ਤਰ ਸਿਵਲ ਸਰਜਨ, ਪਟਿਆਲਾ ਵੱਲੋਂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਦਿਵਿਆਂਗਤਾ ਵਾਲੇ ਹਰੇਕ ਵਿਅਕਤੀ ਨੂੰ ਵਿਲੱਖਣ ਦਿਵਿਆਂਗਤਾ ਪਛਾਣ ਪੱਤਰ ਜਾਰੀ ਕਰਨ ਦੇ ਨਜਰੀਏ ਨਾਲ ਰਾਜ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਪੂਰੇ ਭਾਰਤ ਵਿਚ ਵੱਖ ਵੱਖ ਸਕੀਮਾਂ ਅਧੀਨ ਵੱਖ-ਵੱਖ ਲਾਭ ਲੈਣ ਲਈ ਦਿਵਿਆਂਗਜਨਾਂ ਦੀ ਪਛਾਣ, ਤਸਦੀਕ ਕਰਨ ਦਾ ਇੱਕੋ-ਇੱਕ ਦਸਤਾਵੇਜ਼ ਹੋਵੇਗਾ।
ਉਨ੍ਹਾਂ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਧਾਰਕ ਦੇ ਨਿੱਜੀ ਵੇਰਵਿਆਂ, ਯੋਗਤਾਵਾਂ ਅਤੇ ਪੂਰਾ ਪਤਾ ਜਾਨਣ ਵਿੱਚ ਵੀ ਸਹਾਇਤਾ ਕਰੇਗਾ, ਕਿਉਂਕਿ ਇਸ ‘ਤੇ ਵਿਲੱਖਣ ਕੀਓ ਆਰ ਕੋਡ ਛਾਪਿਆ ਗਿਆ ਹੈ।  ਇਸ ਕਾਰਡ ਦਾ ਮੁੱਖ ਉੱਦੇਸ਼ ਦਿਵਿਆਂਗਜਨ ਵਿਅਕਤੀਆਂ ਦਾ ਡਾਟਾ ਬੇਸ ਤਿਆਰ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਹੈ ਤਾਂ ਜੋ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਨ੍ਹਾਂ ਤੱਕ ਆਸਾਨੀ ਨਾਲ ਉਪਲੱਬਧ ਹੋ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ‘ਚ ਹੁਣ ਤੱਕ ਕੁੱਲ 22571 ਦਿਵਿਆਂਗਜਨ ਵਿਅਕਤੀਆਂ ਦੁਆਰਾ ਯੂ.ਡੀ.ਆਈ.ਡੀ. ਕਾਰਡ ਲਈ ਅਪਲਾਈ ਕੀਤਾ ਗਿਆ ਹੈ, ਜਿਸ ਵਿੱਚੋਂ 14229 ਯੂ.ਡੀ.ਆਈ.ਡੀ. ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਹਫ਼ਤੇ ਦੌਰਾਨ 259 ਯੂ.ਡੀ.ਆਈ.ਡੀ ਕਾਰਡ ਜਾਰੀ ਕੀਤੇ ਗਏ ਹਨ ਅਤੇ ਪਟਿਆਲਾ ਜ਼ਿਲ੍ਹਾ ਯੂ.ਡੀ.ਆਈ.ਡੀ. ਕਾਰਡ ਜਾਰੀ ਕਰਨ ‘ਚ ਸੂਬੇ ‘ਚ ਦੂਸਰੇ ਸਥਾਨ ‘ਤੇ ਹੈ।
ਅਯੂਸ਼ਮਾਨ ਭਾਰਤ ਅਤੇ ਸਰਬਤ ਸਿਹਤ ਬੀਮਾ ਯੋਜਨਾ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਬਤ ਸਿਹਤ ਬੀਮਾ ਯੋਜਨਾ ਦੇ ਤਹਿਤ ਪਟਿਆਲਾ ਜਿਲ੍ਹੇ ਵਿੱਚ 19115 ਮਰੀਜਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਸਿਹਤ ਬੀਮਾ ਯੋਜਨਾ ਦੇ ਤਹਿਤ 5 ਲੱਖ ਰੁਪਏ ਪ੍ਰਤੀ ਪਰਿਵਾਰ ਨੂੰ ਕੇਸ਼ਲੈਸ ਇੰਸ਼ੋਰੇਂਸ ਦਿੱਤਾ ਜਾਂਦਾ ਹੈ। ਜਿਸ ਵਿੱਚੋਂ 180 ਪੈਕੇਜਿਸ ਸਰਕਾਰੀ ਹਸਪਤਾਲਾਂ ਲਈ ਰਿਸਰਵ ਰੱਖੇ ਗਏ ਹਨ। ਲਾਭਪਾਤਰੀ ਇਨ੍ਹਾਂ ਸਿਹਤ ਯੋਜਨਾਵਾਂ ਦਾ ਲਾਭ ਪੰਜਾਬ ਅਤੇ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਲੈ ਸਕਦੇ ਹਨ। ਮੀਟਿੰਗ ਵਿੱਚ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡਾ. ਪਰਵੀਨ ਪੂਰੀ, ਸ੍ਰੀ ਐਮ. ਐਸ. ਧਾਲੀਵਾਲ ਅਤੇ ਡੀ.ਐਸ.ਐਸ.ਓ. ਵਰਿੰਦਰ ਸਿੰਘ ਟਿਵਾਣਾ ਵੱਲੋਂ ਭਾਗ ਲਿਆ।

Leave a Reply

Your email address will not be published. Required fields are marked *