ਉਦਯੋਗਾਂ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਯੋਗ ਉਮੀਦਵਾਰਾਂ ਦੀ ਚੋਣ ਲਈ ਮੰਚ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਸਰਕਾਰ ਦਾ ਧੰਨਵਾਦ

ਚੰਡੀਗੜ੍ਹ, 20 ਦਸੰਬਰ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦਸੰਬਰ, 2020 ਵਿੱਚ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਆਨਲਾਈਨ ਮਿਲਣੀ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਰੋਜ਼ਗਾਰ ਉੱਤਪਤੀ ਅਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਐਮ.ਐਨ.ਸੀਜ਼ ਵਿੱਚ ਵਿਦਿਆਰਥੀਆਂ ਦੀ ਸਫ਼ਲ ਚੋਣ ਲਈ ਉਨਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀਆਂ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨ ਅਤੇ ਪੰਜਾਬ ਦੇ ਹੋਰਨਾਂ ਨੌਜਵਾਨਾਂ ਲਈ ਰੋਲ ਮਾਡਲ ਬਣਨ।ਇਸ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਥੀਆਂ ਨੇ ਸਮਾਗਮ ਵਿੱਚ ਆਨਲਾਈਨ ਭਾਗ ਲਿਆ ਜ਼ਿਨਾਂ ਨੇ ਨੌਜਵਾਨਾਂ ਵਾਸਤੇ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਆਨਲਾਈਨ ਢੰਗ ਨਾਲ ਨੌਕਰੀ ਮੇਲਾ ਆਯੋਜਿਤ ਕਰਨ ਵਾਸਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਚੋਟੀ ਦੀਆਂ ਬਹੁ ਕੌਮੀ ਕੰਪਨੀਆਂ (ਐਮ.ਐਨ.ਸੀਜ਼) ਜਿਨਾਂ ਵਿੱਚ ਮਾਈਕ੍ਰੋਸਾਫ਼ਟ, ਐਚ.ਸੀ.ਐਲ. ਅਤੇ ਬਾਇਜੂਜ਼ ਆਦਿ ਸ਼ਾਮਲ ਹਨ, ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕੋਵਿਡ-19 ਦੇ ਚੱਲਦਿਆਂ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵੱਲੋਂ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਇਨਾਂ ਬਹੁ ਕੌਮੀ ਕੰਪਨੀਆਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਸ ਨੌਕਰੀ ਮੇਲੇ ਵਿੱਚ 3.5 ਲੱਖ ਰੁਪਏ ਸਲਾਨਾ ਤੋਂ 12 ਲੱਖ ਰੁਪਏ ਸਲਾਨਾ ਦੇ ਸੈਲਰੀ ਪੈਕੇਜ਼ ਲਈ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਮੰਤਰੀ ਨੇ ਸਾਰੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਭਵਿੱਖ ਵਿੱਚ ਆਪੋ-ਆਪਣੀ ਕੰਪਨੀ ਵਿੱਚ ਖਾਲੀ ਪਈਆਂ ਆਸਾਮੀਆਂ ’ਤੇ ਭਰਤੀ ਸਬੰਧੀ ਮੁਕੰਮਲ ਜਾਣਕਾਰੀ ਘਰ ਘਰ ਰੋਜ਼ਗਾਰ ਵੈੱਬ ਪੋਰਟਲ ’ਤੇ ਸਾਂਝੀ ਕਰਨ ਲਈ ਵੀ ਕਿਹਾ ਜਿਸ ਲਈ ਪੰਜਾਬ ਸਰਕਾਰ ਵਲੋਂ ਭਰਵਾਂ ਸਹਿਯੋਗ ਦਿੱਤਾ ਜਾਵੇਗਾ। ਆਨਲਾਈਨ ਸੈਸ਼ਨ ਵਿਚ ਭਾਗ ਲੈਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਵਿੱਚ ਮਾਈਕਰੋਸਾਫਟ ਕੰਪਨੀ ਦੀ ਯੂਨੀਵਰਸਿਟੀ ਰਿਕਰੂਟਮੈਂਟ ਲੀਡਰ ਸ਼੍ਰੀਮਤੀ ਸੋਨੀਆ ਸਹਿਗਲ , ਐਚ.ਸੀ.ਐਲ. ਕੰਪਨੀ ਦੇ ਕੈਂਪਸ ਰਿਲੇਸ਼ਨਜ਼ ਦੇ ਮੁਖੀ ਸ੍ਰੀ ਅਸ਼ੀਸ ਭੱਲਾ, ਅਤੇ ਬਾਇਜੂਜ਼ ਦੇ ਰਿਕਰੂਟਮੈਂਟ ਮੈਨੇਜਰ ਸ੍ਰੀ ਸਚਿਨ ਗਿਰਧਰ ਸ਼ਾਮਲ ਸਨ। ਚੋਟੀ ਦੀਆਂ ਬਹੁ-ਕੌਮੀ ਕੰਪਨੀਆਂ ਦੇ ਨੇਤਾਵਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕੋਵਿਡ -19 ਮਹਾਂਮਾਰੀ ਦੌਰਾਨ ਪੰਜਾਬ ਦੇ ਨੌਜਵਾਨਾਂ ਦੀ ਭਰਤੀ ਲਈ ਅਜਿਹੇ ਸਮਾਗਮ ਕਰਵਾ ਕੇ ਉਨਾਂ ਨੂੰ ਢੁੱਕਵਾਂ ਮੰਚ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਰੋਜ਼ਗ਼ਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਤੇ ਪੀ.ਜੀ.ਆਰ.ਕੇ.ਏ.ਐਮ ਦੇ ਮੈਨੇਜਿੰਗ ਡਾਇਰੈਕਟਰ ਸ. ਹਰਪ੍ਰੀਤ ਸਿੰਘ ਸੂਦਨ (ਆਈ.ਏ.ਐੱਸ) ਨੇ ਇਸ ਸਮਾਰੋਹ ਵਿਚ ਭਾਗ ਲੈਂਦਿਆਂ ਕਿਹਾ ਕਿ ਕੰਪਨੀਆਂ ਅਤੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਭੇਜੇ ਗਏ ਹਨ। ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਨੇ ਧੰਨਵਾਦ ਕੀਤਾ।

Leave a Reply

Your email address will not be published. Required fields are marked *