-ਛੋਟੀ ਤੇ ਵੱਡੀ ਨਦੀ ਬਣਨਗੀਆਂ ਪਟਿਆਲਾ ਦੀ ਸ਼ਾਨ, ਮੁੱਖ ਮੰਤਰੀ ਰੱਖਣਗੇ ਨੀਂਹ ਪੱਥਰ : ਪਰਨੀਤ ਕੌਰ
-ਪੁਨਰ ਸੁਰਜੀਤੀ ਮਗਰੋਂ ਰਾਜਿੰਦਰਾ ਝੀਲ ਵੀ ਹੋਵੇਗੀ ਪਟਿਆਲਵੀਆਂ ਨੂੰ ਸਮਰਪਿਤ
-ਮੁੱਖ ਮੰਤਰੀ ਸਲੱਮ ਡਿਵੈਲਪਮੈਟ ਪ੍ਰੋਗਰਾਮ ‘ਬਸੇਰਾ’ ਦੇ ਲਾਭਪਾਤਰੀਆਂ ਨੂੰ ਮਿਲਿਆ ਮਾਲਕਾਨਾ ਹੱਕ

ਪਟਿਆਲਾ, 24 ਜਨਵਰੀ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪਟਿਆਲਵੀਆਂ ਨੂੰ ਅਹਿਮ ਤੋਹਫ਼ਾ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ, ਪਟਿਆਲਾ ਸ਼ਹਿਰ ‘ਚ ਛੋਟੀ ਨਦੀ ਅਤੇ ਵੱਡੀ ਨਦੀ ਨੂੰ ਪੁਨਰ ਸੁਰਜੀਤ ਕਰਨ ਲਈ 208.33 ਕਰੋੜ ਰੁਪਏ ਦੇ ਵਿਸ਼ੇਸ਼ ਪ੍ਰਾਜੈਕਟ, ਜਿਸ ਨੂੰ ਕਿ ਪਟਿਆਲਾ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਵੱਲੋਂ ਜਲ ਸਰੋਤ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੀ ਸਹਾਇਤਾ ਨਾਲ ਵਿਕਸਤ ਕੀਤਾ ਜਾਵੇਗਾ, ਦੀ ਸ਼ੁਰੂਆਤ ਕਰਵਾਉਣਗੇ।
ਇਸਦੇ ਨਾਲ ਹੀ ਮੁੱਖ ਮੰਤਰੀ, ਪਟਿਆਲਾ ਦੀ ਸੁੰਦਰਤਾ ਨੂੰ ਨਿਖਾਰਨ ਦੇ ਕੇਂਦਰ ਬਿੰਦੂ, ਵਿਰਾਸਤੀ ਰਾਜਿੰਦਰਾ ਝੀਲ ਦੀ 5 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਸੁਰਜੀਤੀ ਕੀਤੇ ਜਾਣ ਮਗਰੋਂ ਇਸਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਸਲੱਪ ਡਿਵੈਲਪਮੈਂਟ ਪ੍ਰੋਗਰਾਮ ਬਸੇਰਾ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਰਹਿਣ ਲਈ ਜਾਇਦਾਦ ਦੇ ਮਾਲਕਾਨਾ ਹੱਕ ਵੀ ਸੌਂਪੇ ਜਾਣਗੇ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ 8.65 ਕਿਲੋਮੀਟਰ ਲੰਮੀ ਵੱਡੀ ਨਦੀ ਦੇ ਸੁੰਦਰੀਕਰਨ ਦੇ ਕੰਮ ਨੂੰ ਫੋਕਲ ਪੁਆਇੰਟ ਨੇੜੇ ਦੌਲਤਪੁਰਾ ਪੁਲ ਨੇੜਿਓਂ ਸ਼ੁਰੂ ਕੀਤਾ ਜਾਵੇਗਾ। ਇੱਥੇ 15 ਐਮ.ਐਲ.ਡੀ. ਦਾ ਐਸ.ਟੀ.ਪੀ. ਤੇ 2.5 ਐਮ.ਐਲ.ਡੀ. ਦਾ ਸੀ.ਈ.ਟੀ.ਪੀ. ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨ੍ਹਾਂ ਪਟਿਆਲਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਕਰਕੇ ਛੋਟੀ ਨਦੀ ਦੇ 4.50 ਕਿਲੋਮੀਟਰ ਲੰਮੇ ਪੜਾਅ ਦੇ ਸੁੰਦਰੀਕਰਨ ਦਾ ਕੰੰਮ ਕੀਤਾ ਜਾਵੇਗਾ। ਇਸ ‘ਤੇ ਪਿੰਡ ਘਲੋੜੀ ਵਿਖੇ 26 ਐਮ.ਐਲ.ਡੀ ਦਾ ਐਸ.ਟੀ.ਪੀ. ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਨਦੀਆਂ ਦੇ ਸੁੰਦਰੀਕਰਨ ਨਾਲ ਜਿੱਥੇ ਵਾਤਾਵਰਣ ਦੀ ਸ਼ੁੱਧਤਾ ਲਈ ਇਹ ਨਦੀਆਂ ਮਦਦਗਾਰ ਸਾਬਤ ਹੋਣਗੀਆਂ ਉਥੇ ਹੀ ਮੌਜੂਦਾ ਸਮੇਂ ਇਸਦੀ ਗੰਦਗੀ ਕਰਕੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ।
ਸੰਸਦ ਮੈਂਬਰ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੀ ਵਿਰਾਸਤੀ ਰਾਜਿੰਦਰਾ ਝੀਲ, ਜਿਸ ਨੂੰ ਕਿ 1885 ਵਿਚ ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਰਾਜਿੰਦਰ ਸਿੰਘ ਦੀ ਯਾਦ ਵਿੱਚ ਬਣਵਾਇਆ ਸੀ, ਦੇ ਸੁੰਦਰੀਕਰਨ ਮਗਰੋਂ ਇਸ ਨੂੰ ਪਟਿਆਲਵੀਆਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਨੇਪਰੇ ਚੜ੍ਹਾ ਕੇ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਇਸ ਨੂੰ 5 ਕਰੋੜ ਦੀ ਲਾਗਤ ਨਾਲ ਨਵਾਂ ਰੂਪ ਦਿਤਾ ਗਿਆ ਹੈ ਅਤੇ ਇੱਥੇ ਪਹਿਲਾਂ ਵਾਂਗ ਭਾਖੜਾ ਨਹਿਰ ਦਾ ਪਾਣੀ ਛੱਡਕੇ ਇਸ ਵਿਚ ਨਵੇਂ ਫੁਹਾਰੇ, ਹੈਰੀਟੇਜ ਲਾਇਟਾਂ, ਪੱਕੇ ਕਿਨਾਰੇ ਅਤੇ ਝੀਲ ਦੇ ਆਲੇ ਦੁਆਲੇ ਸੈਰ ਕਰਨ ਲਈ ਟ੍ਰੈਕ ਵੀ ਬਣਾਇਆ ਗਿਆ ਹੈ। ਹੁਣ ਇਸ ਵਿਰਾਸਤੀ ਝੀਲ ਨੇ ਮੁੜ ਤੋਂ ਆਪਣੀ ਸੁੰਦਰਤਾ ਨਾਲ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸ਼ਾਹੀ ਸ਼ਹਿਰ ਦੀ ਰੌਣਕ ਨੂੰ ਚਾਰ ਚੰਦ ਲਗਾ ਦਿੱਤੇ ਹਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਹੋਰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹਿਰੀ ਖੇਤਰਾਂ ਵਿਚ ਮੌਜੂਦ ਸਲੱਮ ਕਲੋਨੀਆਂ ‘ਚ ਮੁੱਢਲੀਆਂ ਸੇਵਾਵਾਂ ਦੇਣ ਤੇ ਸਲੱਮ ਮੁਕਤ ਪੰਜਾਬ ਦੇ ਮਕਸਦ ਨਾਲ ਸ਼ੁਰੂ ਕੀਤੇ ‘ਮੁੱਖ ਮੰਤਰੀ ਸਲੱਮ ਡਿਵੈਲਪਮੈਟ ਪ੍ਰੋਗਰਾਮ’ ‘ਬਸੇਰਾ’ ਤਹਿਤ ਝੁਗੀ ਝੋਪੜੀਆਂ ਤੇ ਸਲੱਪ ਕਲੋਨੀਆਂ ‘ਚ ਰਹਿ ਰਹੇ ਆਰਥਿਕ ਤੌਰ ‘ਤੇ ਕਮਜੋਰ ਪਰਿਵਾਰਾਂ ਨੂੰ 30 ਵਰਗ ਗਜ਼ ਜਗ੍ਹਾ ਦੇ ਮਾਲਕਾਨਾ ਹੱਕ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਨਗਰ ਨਿਗਮ, ਪਟਿਆਲਾ ਦੀ ਹਦੂਦ ਅੰਦਰ ਮੌਜੂਦ 20 ਸਲੱਮ ਬਸਤੀਆਂ, ਦੇ ਲਗਭਗ 3000 ਲਾਭਪਾਤਰੀ ਤੇ 12000 ਵਿਅਕਤੀਆਂ ਨੂੰ ਇਸ ਪ੍ਰੋਜੈਕਟ ਤਹਿਤ ਜਮੀਨਾਂ ਦੇ ਮਾਲਕਾਨਾ ਹੱਕ ਦਾ ਲਾਭ ਮਿਲੇਗਾ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਨ੍ਹਾਂ 20 ਕਲੋਨੀਆਂ ‘ਚੋਂ 3 ਕਲੋਨੀਆਂ ਰੋੜੀ ਕੁੱਟ-1 ਲੱਕੜ ਮੰਡੀ, ਰੰਗੇ ਸ਼ਾਹ ਕਲੋਨੀ ਦੀਨ ਦਿਆਲ ਉਪਾਧਿਆਏ ਨਗਰ ਦੇ ਤਕਰੀਬਨ 335 ਲਾਭਪਾਤਰੀਆਂ ਨੂੰ ਪ੍ਰੋਪਰਾਈਟਰੀ ਹੱਕ ਦੇਣ ਲਈ ਸਟੀਅਰਿੰਗ ਕਮੇਟੀ ਦੀ ਮੀਟਿੰਗ ਵਿਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ 26 ਜਨਵਰੀ ਨੂੰ 6 ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਦੇ ਪੱਤਰ ਦਿੱਤੇ ਜਾਣਗੇ।

Leave a Reply

Your email address will not be published. Required fields are marked *