ਚੰਡੀਗੜ੍ਹ, 25 ਫਰਵਰੀ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਦੀ ਨਿਯੁਕਤੀ ਲਈ ਬਿਨੈ-ਪੱਤਰਾਂ ਦੀ ਮੰਗੀ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਉਚੇਰੀ ਸਿੱਖਿਆ ਅਤੇ ਰਿਸਰਚ ਦੇ ਖੇਤਰ ਦੀ ਇਕ ਉੱਤਮ ਸੰਸਥਾ ਹੈ। 1962 ਵਿਚ ਸਥਾਪਿਤ ਕੀਤੀ ਗਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬ ਦੀ ਇਕ ਪ੍ਰਮੁੱਖ ਸੰਸਥਾ ਹੈ ਜਿਸ ਵਿਚ 42,000 ਤੋਂ ਵੱਧ ਵਿਦਿਆਰਥੀ ਅਤੇ 60 ਟੀਚਿੰਗ ਅਤੇ ਰਿਸਰਚ ਵਿਭਾਗ, 20 ਰਿਜ਼ਨਲ ਸੈਂਟਰਜ਼/ਨੇਬਰਹੁੱਡ ਕੈਂਪਸ / ਪ੍ਰਤੀਨਿਧੀ ਕਾਲਜਿਜ਼ ਅਤੇ ਲਗਭਗ 275 ਐਫੀਲਿਏਟਿਡ ਕਾਲਜ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਅਨੁਸਾਰ ਵਾਇਸ ਚਾਂਸਲਰ ਅਕਾਦਮਿਕ ਅਤੇ ਪ੍ਰਸ਼ਾਸਕੀ ਮੁਖੀ ਹੋਣ ਦੇ ਨਾਲ ਨਾਲ ਲੀਡਰਸ਼ਿਪ ਗੁਣਾਂ, ਪ੍ਰਸ਼ਾਸਕੀ ਸਮਰੱਥਾਵਾਂ ਅਤੇ ਸਿੱਖਿਆ ਤੇ ਖੋਜ ਪ੍ਰਮਾਣ ਪੱਤਰਾਂ ਨਾਲ ਇਕ ਦੂਰਦਰਸ਼ੀ ਹੋਣਾ ਚਾਹੀਦਾ ਹੈ। ਬਿਨੈਕਾਰ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਨਿਯਮਾਂ ਅਨੁਸਾਰ ਵਾਇਸ ਚਾਂਸਲਰ ਦੀ ਅਸਾਮੀ ਲਈ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਇਸ ਇਸ਼ਤਿਹਾਰ ਅਨੁਸਾਰ ਬਿਨੈਕਾਰ ਦੀ ਉਮਰ ਅਰਜ਼ੀਆਂ ਪ੍ਰਾਪਤ ਹੋਣ ਦੀ ਅੰਤਿਮ ਮਿਤੀ ਨੂੰ 67 ਸਾਲ ਤੋਂ ਵੱਧ ਨਾ ਹੋਵੇ ਅਤੇ ਇਹ ਨਿਯੁਕਤੀ ਤਿੰਨ ਸਾਲ ਲਈ ਹੋਵੇਗੀ। ਇਹ ਨਿਯੁਕਤੀ ਸਰਚ ਕਮੇਟੀ ਦੁਆਰਾ ਸਿਫ਼ਾਰਸ ਕੀਤੇ ਨਾਮਾਂ ਦੇ ਪੈਨਲ ਵਿਚੋਂ ਕੀਤੀ ਜਾਵੇਗੀ। ਬਿਨੈਪੱਤਰ ਦਾ ਇਸ਼ਤਿਹਾਰ ਅਤੇ ਫਾਰਮੈਟ ਵੈਬਸਾਈਟ www.punjabiuniversity.ac.in ‘ਤੇ ਉਪਲਬਧ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਡਾਕ ਦੁਆਰਾ ਭੇਜੀਆਂ ਯੋਗ ਵਿਅਕਤੀਆਂ ਦੀਆਂ ਅਰਜ਼ੀਆਂ ਵਿਚਾਰੀਆਂ ਜਾਣਗੀਆਂ ਜੋ ਉਮੀਦਵਾਰਾਂ/ਨਾਮਜ਼ਦਗੀਆਂ ਦੁਆਰਾ ਨਿਰਧਾਰਤ ਪ੍ਰੋਫਾਰਮਾ ਵਿੱਚ ਭੇਜੀਆਂ ਜਾਣਗੀਆਂ। ਅਜਿਹੀਆਂ ਅਰਜ਼ੀਆਂ ਰਜਿਸਟਰਡ ਸਪੀਡ ਪੋਸਟ ਦੁਆਰਾ ਇਸ ਇਸ਼ਤਿਹਾਰ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ 21 ਦਿਨਾਂ ਦੇ ਅੰਦਰ-ਅੰਦਰ ਵਿਸ਼ੇਸ਼ ਸੱਕਤਰ, ਉੱਚੇਰੀ ਸਿੱਖਿਆ ਵਿਭਾਗ, ਪੰਜਾਬ, ਕਮਰਾ ਨੰਬਰ 26, ਪੰਜਵੀਂ ਮੰਜ਼ਲ, ਪੰਜਾਬ ਸਿਵਲ ਸਕੱਤਰੇਤ-ਚੰਡੀਗੜ੍ਹ (0172-2748467) ਨੂੰ ਭੇਜੀਆਂ ਜਾਣ।ਬੁਲਾਰੇ ਨੇ ਕਿਹਾ ਕਿ ਡਾਕ ਦੇ ਲਿਫਾਫੇ ‘ਤੇ “ਵਾਇਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਸਾਮੀ ਲਈ ਬਿਨੈਪੱਤਰ” ਲਿਖਿਆ ਹੋਣਾ ਚਾਹੀਦਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਡਾਕ ਵਿਚ ਦੇਰੀ ਲਈ ਉਚੇਰੀ ਸਿੱਖਿਆ ਵਿਭਾਗ ਜ਼ਿੰਮੇਵਾਰ ਨਹੀਂ ਹੋਵੇਗਾ।

Leave a Reply

Your email address will not be published. Required fields are marked *