ਪਟਿਆਲਾ, 5 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੇ ਅਦਾਲਤ ਬਾਜ਼ਾਰ ਨੇੜੇ ਤੋਪ ਖਾਨਾ ਮੋੜ ਵਿਖੇ ਸਥਿਤ ਜੁੱਤੀ ਬਾਜ਼ਾਰ ਇਲਾਕੇ ਵਿਚ ਪੁਰਾਣੀ ਰੰਜਿਸ਼ ਕਾਰਨ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਵਾਸੀ ਖ਼ਾਲਸਾ ਮੁਹੱਲਾ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਕੋਤਵਾਲੀ ਪੁਲਸ ਨੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਥਾਣਾ ਕੋਤਵਾਲੀ ਇੰਚਾਰਜ ਇੰਦਰਪਾਲ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਮਕੈਨਿਕ ਸੰਦੀਪ ਅਤੇ ਇੰਦਰ ਕੁਮਾਰ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਹ ਮਾਮਲਾ ਡਿਵੀਜ਼ਨ ਨੰਬਰ ਦੋ ਪੁਲੀਸ ਚੌਂਕੀ ਕੋਲ ਵੀ ਪੁੱਜਿਆ ਸੀ । ਉਸ ਸਮੇਂ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਸੀ। ਅੱਜ ਸੋਮਵਾਰ ਨੂੰ ਜੁੱਤੀ ਬਾਜ਼ਾਰ ਵਿੱਚ ਇੰਦਰ ਅਤੇ ਸੰਦੀਪ ਫੇਰ ਆਹਮੋ ਸਾਹਮਣੇ ਹੋ ਗਏ ਜਦੋਂ ਉਹ ਮੋਟਰ ਸਾਈਕਲਾਂ ਉਤੇ ਸਵਾਰ ਹੋ ਕੇ ਜਾ ਰਹੇ ਸਨ। ਵੀਡਿਓ ਤੋਂ ਨਜ਼ਰ ਆ ਰਿਹਾ ਹੈ ਕਿ ਚੱਲਦੇ ਮੋਟਰਸਾਈਕਲਾਂ ਉਤੇ ਹੀ ਪਹਿਲਾਂ ਮ੍ਰਿਤਕ ਸੰਦੀਪ ਨੇ ਦੋਸ਼ੀ ਇੰਦਰ ਉਤੇ ਹਮਲਾ ਕੀਤਾ ਜਿਸ ਕਾਰਨ ਇੰਦਰ ਆਪਣੇ ਸਕੂਟਰ ਤੋਂ ਡਿੱਗ ਪਿਆ ਅਤੇ ਸੰਦੀਪ ਨੇ ਵੀ ਮੋਟਰਸਾਈਕਲ ਰੋਕ ਲਿਆ। ਇੰਨੇ ਵਿਚ ਇੰਦਰ ਨੇ ਖੜੇ ਹੋ ਕੇ ਚਾਕੂ ਕੱਢ ਲਿਆ ਅਤੇ ਸੰਦੀਪ ਉਤੇ ਵਾਰ ਕਰ ਦਿੱਤੇ। ਦੋਵਾਂ ਵਿਚਕਾਰ ਕਾਫੀ ਹੱਥੋਪਾਈ ਵੀ ਹੋਈ ਅਤੇ ਮੌਕੇ ਉਤੇ ਅਪਣੇ ਸਾਥੀ ਨੂੰ ਬਚਾਉਣ ਲਈ ਸੰਦੀਪ ਦੇ ਦੋਸਤਾਂ ਨੇ ਕਾਫੀ ਕੋਸ਼ਿਸ਼ ਕੀਤੀ। ਜ਼ਖਮੀ ਸੰਦੀਪ ਖੁਦ ਮੋਟਰਸਾਈਕਲ ਚਲਾ ਕੇ ਅਤੇ ਆਪਣੇ ਸਾਥੀ ਨੂੰ ਬਿਠਾ ਕੇ ਹਸਪਤਾਲ ਵੱਲ ਗਿਆ,ਪਰ ਹਸਪਤਾਲ ਪੁੱਜ ਕੇ ਉਸਦੀ ਮੌਤ ਹੋ ਗਈ। ਇਧਰ, ਦੋਸ਼ੀ ਇੰਦਰ ਧੀਰ ਨੂੰ ਮੌਕੇ ਉਤੇ ਲੋਕਾਂ ਨੇ ਕਾਬੂ ਕਰ ਲਿਆ।ਥਾਣਾ ਕੋਤਵਾਲੀ ਪੁਲਿਸ ਅਨੁਸਾਰ 19 ਸਾਲਾਂ ਸੰਦੀਪ ਕੁਮਾਰ ਪੁੱਤਰ ਮੁਨੀਸ਼ ਕੁਮਾਰ ਵਾਸੀ ਖਾਲਸਾ ਮੁਹੱਲਾ ਪਟਿਆਲਾ ਦੇ ਕਤਲ ਦੇ ਦੋਸ਼ ਵਿਚ ਦੋਸ਼ੀ ਇੰਦਰ ਧੀਰ ਪੁੱਤਰ ਦਾਸ ਕੁਮਾਰ ਧੀਰ ਵਾਸੀ ਮੋਰਾਂ ਵਾਲੀ ਗਲੀ ਪਟਿਆਲਾ ਨੂੰ ਗਿਰਫ਼ਤਾਰ ਕਰਕੇ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਹੱਤਿਆ ਦੀ ਧਾਰਾ 302 ਆਈ ਪੀ ਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।

Leave a Reply

Your email address will not be published. Required fields are marked *