ਅਧਿਕਾਰੀਆਂ ਦੀਆਂ ਨਾਲਾਕੀਆਂ, ਮਨਮਾਨੀਆਂ ਜਾਂ ਭਿ੍ਰਸ਼ਟਾਚਾਰ ?
– ਬਿਜਲੀ ਦੀ ਲਾਈਨ ਸ਼ਿਫਟ ਨਾ ਹੋਣ ‘ਤੇ ਧਰਨੇ ਪ੍ਰਦਰਸ਼ਨ ਦੇ ਨਾਲ ਪੀਐਸਪੀਸੀਐਲ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੀ ਤਿਆਰੀ

ਪਟਿਆਲਾ, 19 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਆਉਣ ਵਾਲੇ ਦਿਨਾਂ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਦੀਆਂ ਮਨਮਾਨੀਆਂ, ਨਾਲਾਕੀਆਂ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਬਿਜਲੀ ਬੋਰਡ ਦੀ ਕਿਰਕਿਰੀ ਹੋ ਸਕਦੀ ਹੈ। ਧਰਨੇ, ਪ੍ਰਦਰਸ਼ਨ ਅਤੇ ਬਿਜਲੀ ਵਿਭਾਗ ਦੇ ਵਿਰੁੱਧ ਨਾਅਰੇਬਾਜ਼ੀ ਹੋਣ ਦੇ ਨਾਲ-ਨਾਲ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਵੀ ਉੱਠ ਸਕਦੀ ਹੈ।  ਇੰਨਾ ਹੀ ਨਹੀਂ, ਅਧਿਕਾਰੀਆਂ ਤੋਂ ਇਲਾਵਾ ਸੱਤਾਧਾਰੀ ਪਾਰਟੀ ਦੇ ਕਿਸੇ ਸਿਆਸੀ ਆਗੂ ਖਿਲਾਫ ਵੀ ਗੁੱਸਾ ਜ਼ਾਹਰ ਕੀਤਾ ਜਾ ਸਕਦਾ ਹੈ।
      ਜੀ ਹਾਂ!  ਆਉਣ ਵਾਲੇ ਮੰਗਲਵਾਰ ਜਾਂ ਬੁੱਧਵਾਰ ਨੂੰ ਅਜਿਹਾ ਹੀ ਹੋਣ ਦੀ ਉਮੀਦ ਹੈ ਅਤੇ ਇਹ ਸਭ ਕਰਨ ਵਾਲੇ ਪੀਐਸਪੀਸੀਐਲ ਵਿਭਾਗ ਦੇ ਕੋਈ ਕੱਚੇ ਪੱਕੇ ਕਰਮਚਾਰੀ ਜਾਂ ਨੌਕਰੀ ਭਾਲਣ ਵਾਲੇ ਲੋਕ ਨਹੀਂ, ਬਲਕਿ ਬਿਜਲੀ ਬੋਰਡ ਨੂੰ ਲੱਖਾਂ ਰੁਪਏ ਦੇਣ ਵਾਲੇ ਖਪਤਕਾਰ ਅਤੇ ਉਨ੍ਹਾਂ ਦੇ ਸਮਰਥਕ ਹੋਣਗੇ।
    ਦਰਅਸਲ, ਪਟਿਆਲਾ ਦੀ ਬਲਬੇੜਾ ਸਬ ਡਵੀਜ਼ਨ ਦੇ ਪਿੰਡ ਨੌਗਾਵਾਂ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ  ਇੱਕ ਲੱਖ ਰੁਪਏ ਅਦਾ ਕਰਨ ਦੇ ਬਾਵਜੂਦ ਬਿਜਲੀ ਦੀ ਲਾਈਨ ਤਬਦੀਲ ਨਾ ਕਰਨ ਦਾ ਮਾਮਲਾ ਭੱਖ ਰਿਹਾ ਹੈ ਜਿਸ ਵਿਚ ਵਿਭਾਗ ਦੇ ਇਕ ਅਧਿਕਾਰੀ ਉਤੇ ਸਹੀ ਕੰਮ ਕਰਨ ਵਿੱਚ ਟਾਲਮਟੌਲ ਕਰਨ ਦਾ ਦੋਸ਼ ਲੱਗ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਅਧਿਕਾਰੀ ਦੂੱਜੀ ਧਿਰ ਦੇ ਨਾਲ ਗੰਢਤੁੱਪ ਕਰਕੇ ਸਹੀ ਕੰਮ ਨਹੀਂ ਹੋਣ ਦੇ ਰਿਹਾ, ਜਿਸਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਕਰਨ ਤੋਂ ਉਸਨੂੰ ਸੱਤਾਧਾਰੀ ਪਾਰਟੀ ਦੇ ਇੱਕ ਆਗੂ ਵੱਲੋਂ ਰੋਕਿਆ ਗਿਆ ਹੈ। ਪਿੰਡ ਦੇ ਇੱਕ ਕਿਸਾਨ ਨੇ ਪਹਿਲਾਂ ਵਿਭਾਗ ਨੂੰ ਕਰੀਬ ਇੱਕ ਲੱਖ ਰੁਪਏ ਅਦਾ ਕੀਤੇ ਸਨ ਤਾਂ ਜੋ ਬਿਜਲੀ ਦੀ ਲਾਈਨ ਖੇਤਾਂ ਵਿਚੋਂ ਤਬਦੀਲ ਕਰਕੇ ਸੜਕ ਦੇ ਨਾਲ ਨਾਲ ਪਾਈ ਜਾਵੇ। ਐਸਟੀਮੇਟ ਸਮੇਤ ਇਸ ਦੀਆਂ ਸਾਰੀਆਂ ਕਾਰਵਾਈਆਂ ਵੀ ਪੂਰੀਆਂ ਹੋ ਗਈਆਂ ਸਨ ਅਤੇ ਪੈਸੇ ਵੀ ਭਰਵਾ ਦਿੱਤੇ ਸਨ, ਪਰ ਵਿਭਾਗ ਦੇ ਅਧਿਕਾਰੀਆਂ ਦੀ ਨਾਲਾਇਕੀ ਕਹਿ ਲਈਏ ਜਾਂ ਭ੍ਰਿਸ਼ਟਾਚਾਰ, ਵਿਭਾਗ ਵੱਲੋਂ ਪਾਸ ਕੀਤੀ ਉਕਤ ਲਾਈਨ ਨੂੰ ਸਹੀ ਕਰਨ ਦੀ ਥਾਂ ਕਿਸੇ ਹੋਰ ਪਾਸੇ ਹੀ ਕੱਢ ਦਿੱਤੀ ਗਈ। ਦਰਖਾਸਤਕਰਤਾ ਦੇ ਧਿਆਨ ਵਿਚ ਜਦੋਂ ਇਹ ਗੱਲ ਆਈ ਤਾਂ ਉਸਨੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਸਨੂੰ ਟਾਲ ਮਟੋਲ ਕੀਤਾ ਜਾਂਦਾ ਰਿਹਾ ਅਤੇ ਉੱਧਰ ਵਿਰੋਧੀ ਧਿਰ ਨੇ ਮਾਮਲਾ ਲਟਕਾਉਣ ਲਈ ਝੂਠੇ ਬਿਆਨਾਂ ਦੇ ਸਹਾਰੇ ਅਦਾਲਤ ਵਿਚ ਸਟੇਅ ਦਾ ਕੇਸ ਪਾ ਕੇ ਸਟੇਅ ਲੈ ਲਈ ਜੋਕਿ ਮਾਣਯੋਗ ਅਦਾਲਤ ਨੇ ਬਾਅਦ ਵਿਚ ਸਹੀ ਤੱਥਾਂ ਦੇ ਆਧਾਰ ਉਤੇ ਸਟੇਅ ਤੋੜ ਵੀ ਦਿੱਤੀ। ਪਰੰਤੂ ਬਿਜਲੀ ਵਿਭਾਗ ਦੇ ਵਾਰ-ਵਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਪਾਸ ਕੀਤੇ ਐਸਟੀਮੇਟ ਦੇ ਮੁਤਾਬਕ ਲਾਈਨ ਤਬਦੀਲ ਨਹੀਂ ਕੀਤੀ ਗਈ। ਉਸਤੋਂ ਬਾਅਦ ਦੁਬਾਰਾ ਐਸਟੀਮੇਟ ਤਿਆਰ ਕਰਨ ਲਈ ਸਹਿਮਤ ਹੋਣ ਅਤੇ ਦੁਬਾਰਾ ਲਗਭਗ ਇੱਕ ਲੱਖ ਰੁਪਏ ਵਿਭਾਗ ਦੀ ਫੀਸ ਭਰਨ ਲਈ ਤਿਆਰ ਹੋਣ ਤੋਂ ਬਾਅਦ ਨਵਾਂ ਐਸਟੀਮੇਟ ਵੀ ਤਿਆਰ ਹੋ ਗਿਆ ਪਰ ਇੱਕ ਅਧਿਕਾਰੀ ਸਬੰਧਤ ਫਾਇਲ ਉਤੇ ਹਸਤਾਖਰ ਕਰਨ ਨੂੰ ਤਿਆਰ ਹੀ ਨਹੀਂ ਹੋ ਰਿਹਾ ਜੋਕਿ ਖਪਤਕਾਰ ਦੇ ਨਾਲ ਨਾਲ ਵਿਭਾਗ ਦਾ ਵੀ ਨੁਕਸਾਨ ਹੈ। ਉਸ ਅਧਿਕਾਰੀ ਦੇ ਨਾਲ ਇਸ ਪੱਤਰਕਾਰ ਵੱਲੋਂ ਮਾਮਲੇ ਸਬੰਧੀ ਗੱਲ ਕੀਤੀ ਗਈ ਤਾਂ ਵੀ ਉਸਨੇ ਦੋ ਵਾਰ ਟਾਲਾ ਵੱਟ ਕੇ ਫੋਨ ਕੱਟ ਦਿੱਤਾ।  ਜਦੋਂਕਿ ਵਿਭਾਗ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਦਫਤਰ ਤੋਂ ਵੀ ਫੋਨ ਆ ਚੁੱਕਾ ਹੈ ਕਿ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ, ਸਿਰਫ ਸਹੀ ਕੰਮ ਹੀ ਕੀਤਾ ਜਾਵੇ। ਇਸਦੇ ਬਾਵਜੂਦ ਇੱਕ ਹੇਠਲੇ ਅਧਿਕਾਰੀ ਵੱਲੋਂ ਵੱਖ ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਫਾਈਲ ‘ਤੇ ਹਸਤਾਖਰ ਨਾ ਕਰਕੇ ਬਿਨੈਕਾਰ ਨੂੰ ਪ੍ਰੇਸ਼ਾਨ ਕਰਨਾ ਕਿੱਥੋਂ ਤੱਕ ਸਹੀ ਹੈ। ਹੁਣ ਬਿਨੈਕਾਰ ਅਤੇ ਉਸਦੇ ਸਮਰਥਕਾਂ ਵੱਲੋ ਤੰਗ ਪਰੇਸ਼ਾਨ ਹੋ ਕੇ ਪੀਐਸਪੀਸੀਐਲ ਅਧਿਕਾਰੀਆਂ ਸਮੇਤ ਉਕਤ ਸਿਆਸੀ ਆਗੂ ਵਿਰੁੱਧ ਵੀ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਜਾ ਰਿਹਾ ਹੈ।
    ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਕ ਐਕਸੀਅਨ ਰੈਂਕ ਦਾ ਅਧਿਕਾਰੀ ਇੱਕ ਸਥਾਨਕ ਆਗੂ ਦੇ ਕਹਿਣ ‘ਤੇ ਕਿਵੇਂ ਮੁੱਖ ਮੰਤਰੀ ਦਫ਼ਤਰ ਦੇ ਜ਼ੁਬਾਨੀ ਆਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰ ਸਕਦਾ ਹੈ। ਇਹ ਵੀ ਸੁਣਿਆ ਜਾ ਰਿਹਾ ਹੈ ਕਿ ਉਕਤ ਅਧਿਕਾਰੀ ਦੇ ਦਫ਼ਤਰ ਤੋਂ ਹੀ ਵਿਰੋਧੀ ਧਿਰ ਨੂੰ ਸਹੀ ਕੰਮ ਵਿਚ ਰੁਕਾਵਟ ਪਾਉਣ ਦੇ ਤਰੀਕੇ ਦੱਸੇ ਜਾ ਰਹੇ ਹਨ।
*Newsline Express*

Leave a Reply

Your email address will not be published. Required fields are marked *