-ਵਿਭਾਗਾਂ ਨੂੰ ਸਿਹਤ ਵਿਭਾਗ ਨਾਲ ਪਿੰਡਾਂ ‘ਚ ਸਹਿਯੋਗ ਕਰਨ ਦੀ ਕੀਤੀ ਹਦਾਇਤ
-ਹਰੇਕ ਹਫ਼ਤੇ, ਹਰੇਕ ਬਲਾਕ ਦੇ ਦਸ ਪਿੰਡਾਂ ‘ਚ ਕੀਤਾ ਜਾਵੇਗਾ ਟੀਕਾਕਰਨ ਮੁਕੰਮਲ
-ਕੋਵਿਡ ਦੀ ਸੰਭਾਵੀਂ ਤੀਸਰੀ ਲਹਿਰ ਤੋਂ ਬਚਾਅ ਲਈ ਟੀਕਾਕਰਨ ਜ਼ਰੂਰੀ: ਕੁਮਾਰ ਅਮਿਤ

ਪਟਿਆਲਾ, 22 ਜੂਨ : ਸੁਨੀਤਾ ਵਰਮਾ – ਕੋਵਿਡ ਦੀ ਸੰਭਾਵਤ ਤੀਜੀ ਲਹਿਰ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਨੂੰ ਪਿੰਡਾਂ ‘ਚ ਹੋਰ ਤੇਜ਼ ਕਰਨ ਲਈ ਪਟਿਆਲਾ ਜ਼ਿਲ੍ਹੇ ‘ਚ ਦਿਹਾਤੀ ਟੀਕਾਕਰਨ ਯੋਜਨ ਤਿਆਰ ਕੀਤੀ ਗਈ ਹੈ। ਜਿਸ ਦੀ ਸ਼ੁਰੂਆਤ ਭਲਕੇ ਤੋਂ 40 ਫ਼ੀਸਦੀ ਜਾ ਇਸ ਤੋਂ ਵਧੇਰੇ ਪਿੰਡਾਂ ਤੋਂ ਮੁਕੰਮਲ ਟੀਕਾਕਰਨ ਦੀ ਮੁਹਿੰਮ ਚਲਾਕੇ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਸ਼ਾਮ ਇਸ ਮੁਹਿੰਮ ਨਾਲ ਜੁੜੇ ਵਿਭਾਗਾਂ, ਸਿਹਤ ਵਿਭਾਗ, ਪੰਚਾਇਤ ਵਿਭਾਗ, ਮਾਲ ਵਿਭਾਗ, ਖੇਤੀਬਾੜੀ ਵਿਭਾਗ ਅਤੇ ਸਹਿਕਾਰਤਾ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਬੰਧਤ ਸਬ-ਡਵੀਜ਼ਨਾਂ ਦੇ ਐਸ.ਡੀ.ਐਮਜ਼ ਨਾਲ ਮੀਟਿੰਗ ਕਰਕੇ ਇਸ ਮੁਹਿੰਮ ਨੂੰ ਅਤਿ ਜ਼ਰੂਰੀ ਕਾਰਜ ਵਜੋਂ ਨੇਪਰੇ ਚਾੜਨ ਲਈ ਕਿਹਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਅਸੀਂ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿੰਡਾਂ ‘ਚ ਵਧੇ ਕੋਵਿਡ ਕੇਸਾਂ ਤੋਂ ਕਾਫ਼ੀ ਕੁਝ ਸਿੱਖਿਆ ਹੈ ਅਤੇ ਹੁਣ ਇਸ ਤਜਰਬੇ ਦੇ ਅਧਾਰ ‘ਤੇ ਵਿਸ਼ੇਸ਼ ਮੁਹਿੰਮ ਚਲਾਕੇ ਪਿੰਡਾਂ ‘ਚ ਟੀਕਾਕਰਨ ਕਰਨ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਇਸ ਲਈ ਹੁਣ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਹਰੇਕ ਹਫ਼ਤੇ, ਹਰੇਕ ਬਲਾਕ ਦੇ ਦੱਸ ਪਿੰਡਾਂ ‘ਚ ਟੀਕਾਕਰਨ ਲਈ ਕੈਂਪ ਲਗਾਏ ਜਾਣਗੇ ਅਤੇ ਆਉਣ ਵਾਲੇ ਡੇਢ ਮਹੀਨੇ ‘ਚ ਟੀਕਾਕਰਨ ਮੁਹਿੰਮ ਪੂਰੀ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਪਿੰਡਾਂ ‘ਚ ਚਲਾਈ ਜਾ ਰਹੀ ਕੋਵਿਡ ਟੀਕਾਕਰਨ ਮੁਹਿੰਮ ‘ਚ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਜਾਵੇ ਅਤੇ ਲੋਕਾਂ ‘ਚ ਟੀਕਾਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।  ਉਨ੍ਹਾਂ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਖੁਦ ਟੀਕਾਕਰਨ ਮੁਹਿੰਮ ਦੀ ਨਿਗਰਾਨੀ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਰੋਜ਼ਾਨਾ ਟੀਮ ਵੱਲੋਂ 150 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇ।
ਉਨ੍ਹਾਂ ਸਬੰਧਤ ਵਿਭਾਗਾਂ ਨੂੰ ਐਸ.ਡੀ.ਐਮ. ਨਾਲ ਤਾਲਮੇਲ ਕਰਕੇ ਰੋਜਾਨਾ ਹੋਣ ਵਾਲੇ ਟੀਕਾਕਰਨ ਸਬੰਧੀ  ਇਕ ਦਿਨ ਪਹਿਲਾਂ ਪਿੰਡ ‘ਚ ਮੁਨਾਦੀ ਕਰਵਾਉਣ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਪਿੰਡ ਵਾਸੀਆਂ ਨੂੰ ਲੱਗਣ ਵਾਲੇ ਕੈਂਪ ਸਬੰਧੀ ਪਹਿਲਾਂ ਤੋਂ ਜਾਣਕਾਰੀ ਹੋਵੇ ਅਤੇ ਉਹ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਮੁਹਿੰਮ ‘ਚ ਸ਼ਾਮਲ ਕਰਕੇ ਕੋਵਿਡ ਟੀਕਾਕਰਨ ‘ਚ ਤੇਜ਼ੀ ਲਿਆਂਦੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਹਰ ਲਾਭਪਤਾਰੀ ਤੱਕ ਕੋਵਿਡ ਟੀਕਾਕਰਨ ਦੀ ਪਹੁੰਚ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਇਸ ਲਈ ਪੂਰੀ ਰਣਨੀਤੀ ਵੀ ਉਲੀਕੀ ਗਈ ਹੈ, ਪਰ ਇਹ ਸਫਲ ਤਾਂ ਹੀ ਹੋਵੇਗਾ ਜੇਕਰ ਲੋਕਾਂ ਦਾ ਪੂਰਨ ਸਹਿਯੋਗ ਪ੍ਰਾਪਤ ਹੋਵੇਗਾ ਇਸ ਲਈ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ‘ਚ ਸ਼ਾਮਲ ਹੋਣ ਸਾਡੇ ਲਈ ਅਤੇ ਸਾਡੇ ਨਾਲ ਸਬੰਧਤ ਹੋਰਨਾਂ ਲਈ ਵੀ ਲਾਭਦਾਇਕ ਹੈ।
ਮੀਟਿੰਗ ਦੌਰਾਨ ਨੋਡਲ ਅਫ਼ਸਰ ਕੋਵਿਡ  19 ਟੀਕਾਕਰਨ ਡਾ. ਪ੍ਰਨੀਤ ਕੌਰ  ਨੇ ਦੱਸਿਆ ਕਿ ਹੁਣ ਤੱਕ ਚਾਰ ਲੱਖ ਤੋਂ ਵਧੇਰੇ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਸ ‘ਚ ਹੋਰ ਤੇਜ਼ੀ ਲਿਆਉਣ ਲਈ ਹੀ ਪਲਾਨ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਯੂ.ਟੀ.) ਚੰਦਰਾ ਜੋਤੀ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਸਮਾਣਾ ਨਮਨ ਮੜਕਨ, ਐਸ.ਡੀ.ਐਮ ਪਾਤੜ੍ਹਾਂ ਪਾਲਿਕਾ ਅਰੌੜਾ, ਐਸ.ਡੀ.ਐਮ. ਰਾਜਪੁਰਾ ਖੁਸ਼ਦਿਲ ਸਿੰਘ, ਅਧਿਕ ਸਹਾਇਕ ਕਮਿਸ਼ਨਰ (ਯੂ.ਟੀ.) ਜਗਨੂਰ ਸਿੰਘ, ਜਸਲੀਨ ਕੌਰ ਭੁੱਲਰ, ਨੋਡਲ ਅਫ਼ਸਰ ਕੋਵਿਡ-19 ਟੀਕਾਕਰਨ ਅਫ਼ਸਰ ਡਾ. ਪ੍ਰਨੀਤ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ, ਡੀ.ਆਰ ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ ਵੀ ਮੌਜੂਦ ਸਨ।

Leave a Reply

Your email address will not be published. Required fields are marked *