-ਕੋਰੋਨਾ ਟੀਕਾਕਰਣ ਲਈ ਜ਼ਿਲ੍ਹਾ ਪਟਿਆਲਾ ਤਿਆਰ, ਪਹਿਲੇ ਪੜਾਅ ਹੇਠ ਸਿਹਤ ਕਾਮਿਆਂ ਨੂੰ ਲਗੇਗੀ ਵੈਕਸੀਨ-ਪਰਨੀਤ ਕੌਰ
-ਲੋਕ ਸਭਾ ਮੈਂਬਰ ਵੱਲੋਂ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਆਨਲਾਈਨ ਮੀਟਿੰਗ
-ਮਗਨਰੇਗਾ ਕਾਮਿਆਂ ਨੂੰ ਜ਼ਿਲ੍ਹੇ ‘ਚ 46.31 ਕਰੋੜ ਰੁਪਏ ਖ਼ਰਚਕੇ 15.13 ਲੱਖ ਦਿਨਾਂ ਦਾ ਰੋਜ਼ਗਾਰ
ਮੁਹੱਈਆ ਕਰਵਾਇਆ-ਪਰਨੀਤ ਕੌਰ
-ਕੋਵਿਡ ਦੇ ਬਾਵਜੂਦ ਸਵੈ ਸਹਾਇਤਾ ਗਰੁਪਾਂ ਨੂੰ ਵੱਖ-ਵੱਖ ਡਿਜ਼ੀਟਲ ਤੇ ਹੋਰ ਪਲੈਟਫਾਰਮਾਂ ਦੀ ਵਰਤੋਂ ਕਰਕੇ 1.5 ਕਰੋੜ ਰੁਪਏ ਦੀ ਆਮਦਨ ਮੁਹੱਈਆ ਕਰਵਾਈ

ਪਟਿਆਲਾ, 14 ਜਨਵਰੀ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭ ਕੀਤੀਆਂ ਗਈਆਂ ਫਲੈਗਸ਼ਿਪ ਸਕੀਮਾਂ ਤੇ ਉਲੀਕੇ ਲੋਕ ਭਲਾਈ ਪ੍ਰੋਗਰਾਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ। ਲੋਕ ਸਭਾ ਮੈਂਬਰ ਅੱਜ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਕਰਵਾਈ ਗਈ ਆਨ ਲਾਈਨ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਤੇ ਪ੍ਰੋਗਰਾਮ ਲੰਘੇ ਵਰ੍ਹੇ ਬੇਸ਼ੱਕ ਕੋਵਿਡ-19 ਮਹਾਂਮਾਰੀ ਕਰਕੇ ਪ੍ਰਭਾਵਤ ਹੋਏ ਹਨ ਪਰੰਤੂ ਉਨ੍ਹਾਂ ਨੂੰ ਉਮੀਦ ਹੈ ਕਿ ਜੰਗੀ ਪੱਧਰ ‘ਤੇ ਚੱਲ ਰਹੇ ਵਿਕਾਸ ਕਾਰਜਾਂ ਜਰੀਏ ਮਿਥੇ ਟੀਚੇ ਇਸ ਵਿਤੀ ਸਾਲ ਦੇ ਅਖੀਰ ਤੱਕ ਹਾਸਲ ਕਰ ਲਏ ਜਾਣਗੇ।
ਸ੍ਰੀਮਤੀ ਪਰਨੀਤ ਕੌਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਹਿਲਕਦਮੀ ਹੇਠ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਵਿਕਾਸ ਲਈ ਅਰੰਭੇ ਅਰਬਨ ਵਾਤਾਵਰਨ ਮਿਸ਼ਨ ਅਤੇ ਸਮਾਰਟ ਵਿਲੇਜ ਸਕੀਮ ਦੇ ਪਹਿਲੇ ਪੜਾਅ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ ਅਤੇ ਦੂਜੇ ਪੜਾਅ ਲਈ ਜਾਰੀ ਹੋਏ ਫੰਡਾਂ ਨੂੰ ਇਸ ਵਿਤੀ ਸਾਲ ਦੇ ਅੰਤ ਤੱਕ ਲੋਕ ਹਿਤ ਲਈ ਖ਼ਰਚ ਕਰਕੇ ਇਨ੍ਹਾਂ ਸਕੀਮਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਇਆ ਜਾਵੇ।
ਲੋਕ ਸਭਾ ਮੈਂਬਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮਗਨਰੇਗਾ ਸਕੀਮ ਤਹਿਤ ਸਾਲ 2020-21 ਦੌਰਾਨ 46.31 ਕਰੋੜ ਰੁਪਏ ਖ਼ਰਚਕੇ 15 ਲੱਖ 13 ਹਜ਼ਾਰ 955 ਦਿਹਾੜੀਆਂ ਦਾ ਰੋਜ਼ਗਾਰ 100 ਦਿਨਾਂ ਦੇ ਸ਼ਰਤੀਆ ਰੋਜ਼ਗਾਰ ਪ੍ਰਦਾਨ ਕਰਨ ਦੇ ਟੀਚੇ ਤਹਿਤ ਮੁਹੱਈਆ ਕਰਵਾਇਆ ਗਿਆ ਹੈ। ਜਦੋਂਕਿ 2018-19 ‘ਚ 43.61 ਕਰੋੜ ਰੁਪਏ ਖ਼ਰਚਕੇ 13 ਲੱਖ 66 ਹਜਾਰ ਦਿਨਾਂ ਦਾ ਰੋਜ਼ਗਾਰ ਦਿਤਾ ਗਿਆ ਸੀ ਅਤੇ ਸਾਲ 2019-20 ‘ਚ 43.78 ਕਰੋੜ ਰੁਪਏ ਨਾਲ 15 ਲੱਖ 27 ਹਜ਼ਾਰ ਦਿਨਾਂ ਦਾ ਰੋਜ਼ਗਾਰ ਦਿੱਤਾ ਗਿਆ ਸੀ। ਪਰੰਤੂ ਇਸ ਵਾਰ ਤਿੰਨ ਮਹੀਨੇ ਕੋਵਿਡ ਕਰਕੇ ਬਾਵਜੂਦ ਬੰਦ ਰਹਿਣ ਦੇ ਬਾਵਜੂਦ ਵੀ ਪਿਛਲੇ ਤਿੰਨ ਸਾਲਾਂ ਨਾਲੋਂ ਵਧੇਰੇ ਰਾਸ਼ੀ ਖ਼ਰਚ ਕਰਕੇ ਇਸ ਵਿਤੀ ਸਾਲ ‘ਚ ਨਰੇਗਾ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਜਦੋਂਕਿ ਤਿੰਨ ਮਹੀਨੇ ਅਜੇ ਬਾਕੀ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਕੋਵਿਡ ਦੇ ਬਾਵਜੂਦ ਸਵੈ ਸਹਾਇਤਾ ਗਰੁੱਪਾਂ ਨੂੰ ਵੱਖ-ਵੱਖ ਡਿਜੀਟਲ ਅਤੇ ਹੋਰ ਪਲੈਟਫਾਰਮਾਂ ਦੀ ਵਰਤੋਂ ਕਰਕੇ 1.5 ਕਰੋੜ ਰੁਪਏ ਦੀ ਆਮਦਨ ਦਿਵਾਈ ਗਈ ਹੈ।
ਉਨ੍ਹਾਂ ਹੋਰ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ 968 ਲਾਭਪਾਤਰੀਆਂ ਨੂੰ 803.44 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਜਦੋਂਕਿ ਸਵੱਛ ਭਾਰਤ ਮਿਸ਼ਨ ਸ਼ਹਿਰੀ ਤਹਿਤ 1624 ਲਾਭਪਾਤਰੀਆਂ ਨੂੰ 107.94 ਲੱਖ ਰੁਪਏ ਖ਼ਰਚਕੇ ਪਖਾਨੇ ਬਣਵਾ ਕੇ ਦਿਤੇ ਗਏ ਹਨ। ਮੀਟਿੰਗ ਦੌਰਾਨ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਸੁਗੰਮਿਆ ਭਾਰਤ ਅਭਿਆਨ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਬੇਟੀ ਪੜ੍ਹਾਓ-ਬੇਟੀ ਬਚਾਓ, ਆਈ.ਸੀ.ਡੀ.ਐਸ, ਸਰਵ ਸਿੱਖਿਆ ਅਭਿਆਨ, ਮਿਡ ਡੇ ਮੀਲ ਸਮੇਤ ਹੋਰ ਕੇਂਦਰੀ ਸਰਕਾਰ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਇਸ ਭਿਆਨਕ ਬਿਮਾਰੀ ਨੂੰ ਰੋਕਣ ਲਈ ਆਪਣਾ ਯੋਗਦਾਨ ਪਾਉਣ ਵਾਲੇ ਵਿਧਾਇਕਾਂ, ਸਿਹਤ ਕਾਮਿਆਂ, ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਹਰ ਇੱਕ ਉਸ ਵਿਅਕਤੀ ਦਾ ਧੰਨਵਾਦ ਕੀਤਾ, ਜਿਸ ਨੇ ਇਸ ਔਖੇ ਸਮੇਂ ਦੌਰਾਨ ਮਨੁੱਖਤਾ ਦੀ ਸੇਵਾ ਬਿਨ੍ਹਾਂ ਕਿਸੇ ਲਾਲਚ ਤੋਂ ਕੀਤੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਨਵੇਂ ਵਰ੍ਹੇ ‘ਚ ਇਸ ਮਹਾਂਮਾਰੀ ਤੋਂ ਨਿਜਾਤ ਮਿਲ ਜਾਵੇਗੀ, ਕਿਊਂਕਿ ਇਸ ਬਿਮਾਰੀ ਤੋਂ ਬਚਾਅ ਲਈ ਟੀਕਾਕਰਣ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵੈਕਸੀਨ ਦੇ ਟੀਕਾਕਰਣ ਦੀਆਂ ਜ਼ਿਲ੍ਹਾ ਪਟਿਆਲਾ ਵਿੱਚ ਤਿਆਰੀਆਂ ਮੁਕੰਮਲ ਹਨ ਅਤੇ ਪਹਿਲੇ ਪੜਾਅ ‘ਚ ਸਿਹਤ ਕਾਮਿਆਂ ਅਤੇ ਬਾਅਦ ‘ਚ ਮੂਹਰਲੀ ਕਤਾਰ ਦੇ ਯੋਧਿਆਂ ਤੇ ਆਮ ਲੋਕਾਂ ਨੂੰ ਇਹ ਵੈਕਸੀਨ ਲੱਗੇਗੀ।
ਮੀਟਿੰਗ ‘ਚ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਲੋਕ ਸਭਾ ਮੈਂਬਰ ਨੂੰ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਤੇ ਭਾਰਤ ਸਰਕਾਰ ਤੇ ਸੂਬਾ ਸਰਕਾਰ ਦੇ ਪ੍ਰੋਗਰਾਮਾਂ ਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ। ਜਦੋਂਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਧੰਨਵਾਦ ਕੀਤਾ। ਇਸ ਆਨਲਾਈਨ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਰਾਜ ਕੌਰ ਅਤੇ ਪੰਚਾਇਤ ਸੰਮਤੀਆਂ ਦੇ ਚੇਅਰਮੈਨਾਂ ਤੋਂ ਇਲਾਵਾ ਹੋਰ ਅਧਿਕਾਰੀਆ ਨੇ ਵੀ ਹਿੱਸਾ ਲਿਆ।

Leave a Reply

Your email address will not be published. Required fields are marked *