-ਧਰਮਸੋਤ ਵੱਲੋਂ ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ ਅਪੀਲ
-ਪਟਿਆਲਾ ਜ਼ਿਲ੍ਹੇ ‘ਚ ਕੋਵਿਡ ਇਲਾਜ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ, ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਚੌਕਸ ਕੀਤਾ

ਪਟਿਆਲਾ, 10 ਮਈ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਜ਼ਿਲ੍ਹਾ ਪਟਿਆਲਾ ‘ਚ ਕੋਵਿਡ ਮਹਾਂਮਾਰੀ ਅਤੇ ਇਸਦੇ ਇਲਾਜ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ 24 ਘੰਟੇ ਨਿਰੰਤਰ ਕੀਤੇ ਜਾ ਰਹੇ ਕੰਮ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸ. ਧਰਮਸੋਤ ਨੇ ਕੋਵਿਡ ਮਹਾਂਮਾਰੀ ਦੀ ਲਾਗ ਨੂੰ ਹੋਰ ਅਗੇ ਫੈਲਣ ਤੋਂ ਰੋਕਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਚੌਕਸ ਕੀਤਾ ਉਥੇ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਕਰਨ।
ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਮੀਟਿੰਗ ‘ਚ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਤੇ ਨਿਜੀ ਹਸਪਤਾਲਾਂ ਨੂੰ ਕੋਵਿਡ ਮਰੀਜਾਂ ਦੀ ਸੰਭਾਂਲ ਲਈ ਲੋੜੀਂਦੀ ਆਕਸੀਜਨ ਤੇ ਦਵਾਈਆਂ ਦੀ ਪੂਰਤੀ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।
ਜੰਗਲਾਤ ਮੰਤਰੀ ਨੇ ਅਪੀਲ ਕੀਤੀ ਕਿ ਕੋਵਿਡ ਦੀ ਭਿਆਨਕਤਾ ਦੇ ਮੱਦੇਨਜ਼ਰ ਪਿੰਡਾਂ ਦੇ ਪੰਚ-ਸਰਪੰਚ, ਸ਼ਹਿਰਾਂ ਦੇ ਕੌਂਸਲਰ ਅਤੇ ਹੋਰ ਮੋਹਤਬਰ ਵਿਅਕਤੀ ਆਪਣੇ ਇਲਾਕਿਆਂ ‘ਚ ਲੋਕਾਂ ਨੂੰ ਸਮਝਾ ਕੇ ਕਿਸੇ ਵੀ ਤਰ੍ਹਾਂ ਦੇ ਇਕੱਠਾਂ ਤੋਂ ਬਚਣ ਲਈ ਪ੍ਰੇਰਤ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼, ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ, ਉਹ ਸੱਚੀ ਦੇਸ਼ ਭਗਤੀ ਦਾ ਸਬੂਤ ਦਿੰਦੇ ਹੋਏ ਇਸ ਮਹਾਂਮਾਰੀ ਵਿਰੁੱਧ ਪੰਜਾਬ ਸਰਕਾਰ ਵੱਲੋਂ ਅਰੰਭੀ ਜੰਗ ਮਿਸ਼ਨ ਫ਼ਤਹਿ ਨੂੰ ਜਿੱਤਣ ਲਈ ਆਪਣਾ ਸਹਿਯੋਗ ਦੇਣ।
ਸ. ਧਰਮਸੋਤ ਨੇ ਕਿਹਾ ਕਿ ਇਸ ਸਾਲ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਜਿਆਦਾ ਨੁਕਸਾਨ ਹੋਇਆ ਹੈ, ਜਿਸ ਲਈ ਇਸ ਨੂੰ ਮਖੌਲ ‘ਚ ਨਹੀਂ ਲੈਣਾ ਚਾਹੀਦਾ ਅਤੇ ਕਿਸੇ ਦੇ ਮਗਰ ਲੱਗਕੇ, ਸਰਕਾਰ ਵੱਲੋਂ ਲੋਕਾਂ ਦੀ ਭਲਾਈ ਤੇ ਲੋਕਾਂ ਨੂੰ ਮਰਨ ਤੋਂ ਬਚਾਉਣ ਲਈ ਜਾਰੀ ਕੀਤੇ ਹੁਕਮਾਂ ਦੇ ਖ਼ਿਲਾਫ਼ ਜਾ ਕੇ ਬਾਜ਼ਾਰ ਤੇ ਹੋਰ ਅਦਾਰੇ ਧੱਕੇ ਨਾਲ ਖੋਲ੍ਹਣ ਦੀ ਗ਼ਲਤੀ ਵੀ ਨਹੀਂ ਕਰਨੀ ਚਾਹੀਦੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਜ਼ਿਲ੍ਹੇ ‘ਚ ਕੋਵਿਡ ਸੈਂਪਲਿੰਗ ਦੀ ਸਮਰੱਥਾ ਵਧਾ ਕੇ 5000 ਰੋਜ਼ਾਨਾ ਕੀਤੀ ਹੈ, ਕੋਵਿਡ ਤੋਂ ਬਚਾਅ ਲਈ ਢਾਈ ਲੱਖ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਇਸ ਤੋਂ ਬਿਨ੍ਹਾਂ 18 ਤੋਂ 44 ਸਾਲ ਦੇ ਉਮਰ ਵਰਗ ਦੇ ਕਿਰਤੀਆਂ, ਜਿਨ੍ਹਾਂ ‘ਚ ਸਹਿ ਬਿਮਾਰੀਆਂ ਉਚ ਜੋਖਮ ਵਾਲੇ ਤੇ ਸੰਵੇਦਨਸ਼ੀਲ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਜ਼ਿਲ੍ਹੇ ‘ਚ ਆਕਸੀਜਨ ਦੇ ਪ੍ਰਬੰਧ ਕਰਨ ਲਈ ਬੋਕਾਰੋ, ਬਰੋਟੀ ਵਾਲਾ, ਰੁੜਕੀ, ਪਾਣੀਪਤ ਆਦਿ ਤੋਂ ਤਰਲ ਮੈਡੀਕਲ ਆਕਸੀਜਨ ਮੰਗਵਾਈ ਜਾ ਰਹੀ ਹੈ।
ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ‘ਚ ਘਰੇਲੂ ਇਕਾਂਤਵਾਸ ‘ਚ 4100 ਤੋਂ ਵਧੇਰੇ ਪਾਜਿਟਿਵ ਮਰੀਜ ਹਨ ਤੇ ਉਨ੍ਹਾਂ ਦੇ ਸੰਪਰਕਾਂ ਦੀ ਮਦਦ ਲਈ ਆਸ਼ਾ ਵਰਕਰਾਂ, ਆਂਗਣਵਾੜੀ ਤੇ ਪੁਲਿਸ ਦੀ ਮਦਦ ਲਈ ਜਾਂਦੀ ਹੈ। ਰਾਜਿੰਦਰਾ ਹਸਪਤਾਲ ਦੀ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਦਸਿਆ ਕਿ ਲੈਵਲ-3 ਦੇ ਪਿਛਲੇ ਸਾਲ ਦੇ 90 ਬੈਡਾਂ ਤੋਂ ਵਧਾਕੇ 280 ਬੈਡ ਕਰ ਦਿੱਤੇ ਗਏ ਹਨ ਅਤੇ ਇਸ ‘ਚ 25 ਫੀਸਦੀ ਹੋਰ ਵਾਧਾ ਕੀਤਾ ਜਾ ਰਿਹਾ ਹੈ। ਜਦੋਂਕਿ ਭਾਰਤੀ ਫ਼ੌਜ ਵੱਲੋਂ ਲੈਵਲ-2 ਦੇ ਮਰੀਜਾਂ ਦੇ ਇਲਾਜ ਲਈ 100 ਬੈਡ ਸੁਪਰਸਪੈੇਸ਼ਲਿਟੀ ਬਲਾਕ ‘ਚ ਆਪਣੇ ਅਧੀਨ ਕੀਤੇ ਹਨ ਤਾਂ ਕਿ ਰਾਜਿੰਦਰਾ ਹਪਸਤਾਲ ਦੇ ਡਾਕਟਰਾਂ ਨੂੰ ਲੈਵਲ-3 ਦੇ ਮਰੀਜ ਸੰਭਾਲਣ ਲਈ ਹੋਰ ਵਧੇਰੇ ਸਮਾਂ ਮਿਲ ਸਕੇ।
ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਟੈਸਟਿੰਗ ਤੇ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੱਤੀ। ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਪਾਜਿਟਿਵ ਮਾਮਲਿਆਂ ਦੇ ਸੰਪਰਕਾਂ ਦੀ ਜਾਂਚ, ਸਹਾਇਕ ਕਮਿਸ਼ਨਰ ਸਿਖਲਾਈ ਅਧੀਨ ਜਗਨੂਰ ਸਿੰਘ ਨੇ ਕੋਵਾ ਐਪ, ਬੈਡਾਂ ਦੀ ਉਪਲਬੱਧਤਾ ਤੇ ਕੰਟਰੋਲ ਰੂਮ ਦੀ ਕਾਰਜ ਪ੍ਰਣਾਲੀ ਬਾਰੇ ਦੱਸਿਆ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਮੰਤਰੀ ਨੂੰ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਜੋਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਮੋਹਣੀ ਜੱਸੋਵਾਲ ਤੇ ਨਿਜੀ ਸਕੱਤਰ ਕਾਬਲ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *