-ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਲੱਗਣ ਵਾਲੇ ਦੋ ਆਕਸੀਜਨ ਯੂਨਿਟਾਂ ਚੋਂ ਇੱਕ ਦਾ ਕੰਮ ਹੋਇਆ ਸ਼ੁਰੂ : ਡਿਪਟੀ ਕਮਿਸ਼ਨਰ
-ਤਰਜੀਹੀ ਕੰਮਾਂ ‘ਚ ਸ਼ਾਮਲ ਕਰਕੇ ਆਕਸੀਜਨ ਯੂਨਿਟ ਲਾਉਣ ਦੇ ਕੰਮ ਨੂੰ ਡੇਢ ਮਹੀਨੇ ‘ਚ ਮੁਕੰਮਲ ਕੀਤਾ ਜਾਵੇਗਾ : ਕੁਮਾਰ ਅਮਿਤ
-ਡਿਪਟੀ ਕਮਿਸ਼ਨਰ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਲੱਗਣ ਵਾਲੇ ਆਕਸੀਜਨ ਯੂਨਿਟਾਂ ਦੇ ਸਥਾਨ ਦਾ ਨਿਰੀਖਣ

ਪਟਿਆਲਾ, 10 ਮਈ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੋਵਿਡ ਦੌਰਾਨ ਪਟਿਆਲਾ ਜ਼ਿਲ੍ਹੇ ‘ਚ ਆਕਸੀਜਨ ਦੀ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਆਕਸੀਜਨ ਦੇ ਚਾਰ ਯੂਨਿਟ ਲਗਾਉਣ ਲਈ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ‘ਚ ਲੱਗਣ ਵਾਲੇ ਦੋ ਯੂਨਿਟਾਂ ਵਿਚੋਂ ਇਕ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਲੱਗਣ ਵਾਲੇ ਆਕਸੀਜਨ ਯੂਨਿਟਾਂ ਵਾਲੇ ਸਥਾਨਾਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਤਰਜੀਹੀ ਆਧਾਰ ‘ਤੇ ਮੁਕੰਮਲ ਕਰਨ ਦੇ ਆਦੇਸ਼ ਦਿੰਦਿਆ ਕੰਮ ਡੇਢ ਮਹੀਨੇ ‘ਚ ਮੁਕੰਮਲ ਕਰਨ ਲਈ ਕਿਹਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਡੀਫੈਂਸ ਰਿਸਰਚ ਅਤੇ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.) ਅਤੇ ਨਾਭਾ ਪਾਵਰ ਵੱਲੋਂ ਇੱਕ-ਇੱਕ ਯੂਨਿਟ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ ਜਦਕਿ ਟੋਰੈਂਟ ਗੈਸ ਵੱਲੋਂ ਸੀ.ਐਚ. ਨਾਭਾ ਵਿਖੇ ਅਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਮਾਡਲ ਟਾਊਨ ਵਿਖੇ ਆਕਸੀਜਨ ਯੂਨਿਟ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਡੀਫੈਂਸ ਰਿਸਰਚ ਅਤੇ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.) ਵੱਲੋਂ ਲਗਾਏ ਜਾ ਰਹੇ 10 ਹਜ਼ਾਰ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਮੈਡੀਕਲ ਆਕਸੀਜਨ ਯੂਨਿਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ‘ਤੇ 10 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਯੂਨਿਟ ਲਗਾਉਣ ਲਈ ਫਾਊਡੇਸ਼ਨ ਕਮ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਸ ਉਪਰੰਤ ਮਸ਼ੀਨਰੀ ਲਿਆਕੇ ਜਲਦੀ ਹੀ ਇਹ ਯੂਨਿਟ ਉਤਪਾਦਨ ਸ਼ੁਰੂ ਕਰ ਦੇਵੇਗਾ। ਇਸੇ ਤਰ੍ਹਾਂ ਨਾਭਾ ਪਾਵਰ ਲਿਮਟਿਡ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਪਲਾਟ ਲਈ ਜਗ੍ਹਾ ਦੀ ਚੋਣ ਕਰ ਲਈ ਗਈ ਹੈ ਅਤੇ ਰੋਜ਼ਾਨਾ 50 ਤੋਂ 60 ਸਲੰਡਰ ਭਰਨ ਵਾਲੇ ਇਸ ਛੋਟੇ ਯੂਨਿਟ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਕਸੀਜਨ ਯੂਨਿਟਾਂ ਦੇ ਕੰਮ ਨੂੰ ਤੈਅ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆ ਕਿਹਾ ਕਿ ਕੋਵਿਡ ਸੰਕਟ ਦੌਰਾਨ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸਾਨੂੰ ਸਾਰਿਆਂ ਨੂੰ ਇੱਕ ਟੀਮ ਦੇ ਤੌਰ ‘ਤੇ ਕੰਮ ਕਰਦਿਆ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਕਸੀਜਨ ਯੂਨਿਟ ਸਥਾਪਤ ਕਰਨ ਦੇ ਕੰਮ ਨੂੰ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਏ.ਡੀ.ਸੀ. (ਡੀ) ਕਮ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ (ਯੂ.ਟੀ) ਜਗਨੂਰ ਸਿੰਘ, ਜਸਲੀਨ ਕੌਰ ਭੁੱਲਰ, ਸਿਵਲ ਸਰਜਨ ਡਾ. ਸਤਿੰਦਰ ਸਿੰਘ, ਡਾ. ਆਰਤੀ ਪਾਂਡਵ, ਡਾ. ਸੁਮਿਤ ਸਿੰਘ, ਡਾ. ਭਵਨੀਤ ਕੌਰ, ਡਾ. ਦੀਪਇੰਦਰ ਸਿੰਘ ਬੋਪਾਰਾਏ, ਡਾ. ਸੁਦੇਸ਼ ਪ੍ਰਤਾਪ ਸਿੰਘ, ਐਕਸੀਅਨ ਪੀ.ਡਬਲਿਊ.ਡੀ. ਐਸ.ਐਲ. ਗਰਗ, ਪ੍ਰਭਲੀਨ ਸਿੰਘ ਸਮੇਤ ਵੱਖ-ਵੱਖ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *