-ਇੱਕਲੇ ਇੱਕਲੇ ਵਾਰਡ ‘ਚ ਜਾ ਕੇ ਮਰੀਜਾਂ ਦਾ ਹਾਲ-ਚਾਲ ਜਾਣਿਆ

-ਡੀ.ਸੀ ਕੁਮਾਰ ਅਮਿਤ ਨੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਤੇ ਹੋਰ ਅਮਲੇ ਦੀ ਪਿੱਠ ਥਾਪੜੀ

-ਡਾਕਟਰ ਤੇ ਹੋਰ ਅਮਲਾ 24 ਘੰਟੇ ਨਿਰੰਤਰ ਕੋਵਿਡ ਮਰੀਜਾਂ ਦੀ ਸੰਭਾਲ ‘ਚ ਜੁਟਿਆ : ਕੁਮਾਰ ਅਮਿਤ

-ਡੀ.ਸੀ. ਦੀ ਅਪੀਲ, ਰਾਜਿੰਦਰਾ ਹਸਪਤਾਲ ਬਾਰੇ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਲੋਕ

-ਸਾਫ਼-ਸਫ਼ਾਈ, ਖਾਣਾ-ਪਾਣੀ, ਬਾਥਰੂਮਜ ਤੇ ਇਲਾਜ ਪ੍ਰਬੰਧਾਂ ‘ਤੇ ਤਲੱਸੀ ਪ੍ਰਗਟਾਈ

-ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾਉਣ ਤੇ ਕੋਈ ਵੀ ਲੱਛਣ ਆਉਣ ‘ਤੇ ਸਮੇਂ ਸਿਰ ਇਲਾਜ ਕਰਵਾਉਣ ਦਾ ਸੱਦਾ

ਪਟਿਆਲਾ, 11 ਮਈ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਖ਼ੁਦ ਪੀ.ਪੀ.ਈ. ਕਿਟ ਪਾ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮ.ਸੀ.ਐਚ. ਇਮਾਰਤ ‘ਚ ਬਣੀ ਕੋਵਿਡ ਵਾਰਡ ਦਾ ਬਰੀਕੀ ਨਾਲ ਨਿਰੀਖਣ ਕੀਤਾ। ਇਸ ਮੌਕੇ ਰਾਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਰਾਜਿੰਦਰਾ ਹਪਸਤਾਲ ਪ੍ਰਤੀ ਬਣੇ ਲੋਕਾਂ ਦੇ ਵਿਸ਼ਵਾਸ਼ ਨੂੰ ਅਟੁੱਟ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਜਿੱਥੇ ਪੰਜਾਬ ਤੇ ਹੋਰਨਾਂ ਰਾਜਾਂ ਦੇ ਕੋਵਿਡ ਦੇ ਮਰੀਜਾਂ ਦੀ ਆਸ ਦੀ ਕਿਰਨ ਬਣੇ ਇਸ ਹਸਪਤਾਲ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਦਰਕਿਨਾਰ ਕੀਤਾ, ਉਥੇ ਹੀ ਸ੍ਰੀ ਕੁਮਾਰ ਅਮਿਤ ਨੇ ਇੱਥੇ ਦੇ ਡਾਕਟਰਾਂ, ਨਰਸਿੰਗ ਸਟਾਫ਼ ਤੇ ਹੋਰ ਅਮਲੇ ਦੀ ਪਿੱਠ ਥਾਪੜੀ।
ਡਿਪਟੀ ਕਮਿਸ਼ਨਰ ਨੇ ਪੁੱਡਾ ਪਟਿਆਲਾ ਦੇ ਮੁੱਖ ਪ੍ਰਸ਼ਾਸਕ ਤੇ ਕੋਵਿਡ ਕੇਅਰ ਇੰਚਾਰਚ ਸ੍ਰੀਮਤੀ ਸੁਰਭੀ ਮਲਿਕ, ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਡਾ. ਵਿਸ਼ਾਲ ਚੋਪੜਾ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਸਚਿਨ ਕੌਸ਼ਲ ਤੇ ਨਰਸਿੰਗ ਸੁਪਰਡੈਂਟ ਸਿਸਟਰ ਗੁਰਕਿਰਨ ਕੌਰ ਨਾਲ ਐਮ.ਸੀ.ਐਚ. ਇਮਾਰਤ ਦੀਆਂ  ਵਾਰਡਾਂ ਦਾ ਦੌਰਾ ਕੀਤਾ ਤੇ ਕੰਟਰੋਲ ਰੂਮ ਦਾ ਜਾਇਜ਼ਾ ਲਿਆ। ਸ੍ਰੀ ਕੁਮਾਰ ਅਮਿਤ ਨੇ ਜਿੱਥੇ ਗੱਲਬਾਤ ਕਰ ਸਕਣ ਵਾਲੇ ਮਰੀਜਾਂ ਤੋਂ ਹਸਪਤਾਲ ਦੇ ਇਲਾਜ ਪ੍ਰਬੰਧਾਂ, ਆਕਸੀਜਨ, ਦਵਾਈਆਂ, ਸਾਫ਼-ਸਫ਼ਾਈ, ਖਾਣੇ, ਪੀਣ ਵਾਲੇ ਪਾਣੀ, ਬਾਥਰੂਮਜ ਆਦਿ ਬਾਰੇ ਫੀਡਬੈਕ ਵੀ ਹਾਸਲ ਕੀਤੀ, ਉਥੇ ਹੀ ਉਨ੍ਹਾਂ ਦਾ ਹੌਂਸਲਾ ਵਧਾਉਂਦਿਆਂ ਮਰੀਜਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਤੋਂ ਬਾਅਦ ਦੱਸਿਆ ਕਿ ਰਾਜਿੰਦਰਾ ਹਸਪਤਾਲ ‘ਚ ਮਰੀਜਾਂ ਦੀ ਸੰਭਾਲ ਬਾਰੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ‘ਚ ਫੈਲਾਇਆ ਜਾ ਰਿਹਾ ਭਰਮ ਬਿਲਕੁਲ ਕੋਰਾ ਝੂਠ ਤੇ ਸਚਾਈ ਤੋਂ ਕੋਹਾਂ ਦੂਰ ਹੈ। ਜਦਕਿ ਸਚਾਈ ਇਹ ਹੈ ਕਿ ਇੱਥੇ ਦੇ ਡਾਕਟਰ, ਨਰਸਿੰਗ ਸਟਾਫ਼, ਸਫ਼ਾਈ ਤੇ ਹੋਰ ਹੋਰ ਅਮਲਾ ਪੂਰੀ ਸ਼ਿਦਤ ਤੇ ਸੇਵਾ ਭਾਵਨਾਂ ਨਾਲ ਮਰੀਜਾਂ ਦੇ ਇਲਾਜ ਤੇ ਸੰਭਾਲ ਲਈ ਨਿਰੰਤਰ 24 ਘੰਟੇ ਜੁਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮਰੀਜ ਪਟਿਆਲਾ ਦੇ ਨਾਲ-ਨਾਲ ਰਾਜ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਇਲਾਵਾ ਹੋਰਨਾਂ ਰਾਜਾਂ ਤੋਂ ਵੀ ਪੁੱਜੇ ਹੋਏ ਹਨ, ਜਿਨ੍ਹਾਂ ਦੀ ਸਰੀਰਕ ਹਾਸਲਤ ਕਾਫ਼ੀ ਗੰਭੀਰ ਤੇ ਆਕਸੀਜਨ ਪੱਧਰ ਕਾਫ਼ੀ ਨੀਵਾਂ ਹੈ, ਪਰੰਤੂ ਡਾਕਟਰ ਉਨ੍ਹਾਂ ਨੂੰ ਆਪਣਾ ਸਮਝ ਕੇ ਉਨ੍ਹਾਂ ਦੇ ਇਲਾਜ ਲਈ ਆਪਣੀ ਪੂਰੀ ਵਾਹ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕੋਵਿਡ ਮਰੀਜਾਂ ਦੇ ਇਲਾਜ ਲਈ ਬਿਹਰਤ ਤੋਂ ਬਿਹਤਰ ਪ੍ਰਬੰਧ ਕਰ ਰਹੀ ਹੈ, ਇਸ ਲਈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੈਕਸੀਨੇਸ਼ਨ ਜਰੂਰ ਕਰਵਾਉਣ ਅਤੇ ਕੋਵਿਡ ਦਾ ਕੋਈ ਲੱਛਣ ਆਉਣ ‘ਤੇ ਸਮੇਂ ਸਿਰ ਇਲਾਜ ਕਰਵਾਉਣ।
ਸ੍ਰੀ ਕੁਮਾਰ ਅਮਿਤ ਨੇ ਇਹ ਵੀ ਅਪੀਲ ਕੀਤੀ ਕਿ ਲੋਕ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਜਾਂ ਗ਼ਲਤ ਖ਼ਬਰਾਂ ‘ਤੇ ਯਕੀਨ ਨਾ ਕਰਨ ਸਗੋਂ ਇਨ੍ਹਾਂ ਦੀ ਪੁਸ਼ਟੀ ਜਰੂਰ ਕਰ ਲਿਆ ਕਰਨ। ਇਸ ਦੌਰਾਨ ਸ੍ਰੀਮਤੀ ਸੁਰਭੀ ਮਲਿਕ ਨੇ ਵਿਸ਼ਵਾਸ਼ ਦੁਆਇਆ ਕਿ ਰਾਜਿੰਦਰਾ ਹਸਪਤਾਲ ‘ਚ ਦਵਾਈਆਂ, ਆਕਸੀਜਨ, ਡਾਕਟਰਾਂ ਤੇ ਨਰਸਿੰਗ ਅਮਲੇ ਦੀ ਕੋਈ ਘਾਟ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਸਮਰਪਣ ਭਾਵਨਾਂ ‘ਚ ਕੋਈ ਕਮੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਘਬਰਾਹਟ ‘ਚ ਨਾ ਆਉਣ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਸਾਹਮਣੇ ਆਉਣ ‘ਤੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਾਵੇ।

Leave a Reply

Your email address will not be published. Required fields are marked *