ਚੰਡੀਗੜ੍ਹ, 11 ਮਈ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੌਮੀ ਸਿਹਤ ਮਿਸ਼ਨ (NHM) ਦੇ ਮੁਲਾਜ਼ਮਾਂ ਵੱਲੋਂ ਪੱਕਾ ਕਰਨ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਬੇਸ਼ਕ ਖ਼ਤਮ ਹੋ ਗਈ ਹੋਵੇ ਪਰ ਕਈ ਜ਼ਿਲ੍ਹਿਆਂ ਵਿਚ ਮੁਲਾਜ਼ਮ ਬੀਤੇ ਦਿਨੀਂ ਆਪਣੀ ਡਿਊਟੀ ‘ਤੇ ਵਾਪਸ ਨਹੀਂ ਆਏ ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ NHM ਦੇ ਐੱਮਡੀ ਕੁਮਾਰ ਰਾਹੁਲ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਹ ਕਹਿ ਦਿੱਤਾ ਕਿ ਜਿਹੜੇ ਮੁਲਾਜ਼ਮ ਡਿਊਟੀ ‘ਤੇ ਨਹੀਂ ਆਏ ਹਨ, ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਅਜਿਹੇ ਮੁਲਾਜ਼ਮਾਂ ਦੀ ਗਿਣਤੀ ਲਗਪਗ 1000 ਹੈ। ਵਿਭਾਗ ਨੇ ਇਕ ਹੋਰ ਪੱਤਰ ਜਾਰੀ ਕਰਦਿਆਂ ਇਨ੍ਹਾਂ ਕਾਮਿਆਂ ਦੀ ਪੂਰਤੀ ਅਤੇ ਕੰਮ ਪ੍ਰਭਾਵਿਤ ਨਾ ਹੋਣ ਦੇ ਮੱਦੇਨਜ਼ਰ ਰੋਜ਼ਾਨਾ 1 ਹਜ਼ਾਰ ਰੁਪਏ ਦਿਹਾੜੀ ’ਤੇ ਨਵਾਂ ਸਟਾਫ ਭਰਤੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਨਾਜ਼ੁਕ ਮੌਕੇ ’ਤੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜ ਰਹੇ ਹਨ। ਮੁੱਖ ਮੰਤਰੀ ਨੇ 4 ਸਾਲਾਂ ਦੌਰਾਨ ਇਕ ਵੀ ਮੀਟਿੰਗ ਨਹੀ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਮੁਲਾਜ਼ਮ ਸੜਕਾਂ ’ਤੇ ਆਉਣਗੇ।

Leave a Reply

Your email address will not be published. Required fields are marked *