-ਹੁਣ ਤੁਹਾਨੂੰ ਕੈਨੇਡਾ ਦੀ ਹਵਾਈ ਉਡਾਣ ਭਰਨ ਲਈ ਇਕ ਮਹੀਨਾ ਹੋਰ ਇੰਤਜ਼ਾਰ ਕਰਨਾ ਪਵੇਗਾ

ਓਟਾਵਾ/ਦਿੱਲੀ, 22 ਮਈ : ਨਿਊਜ਼ਲਾਈਨ ਐਕਸਪ੍ਰੈਸ – ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਲਗਾਈ ਹੋਈ ਪਾਬੰਦੀ ਅੱਗੇ ਹੋਰ 30 ਦਿਨਾਂ ਲਈ ਵਧਾ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਕੱਲ੍ਹ ਸ਼ੁਕਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਲਈ ਹੁਣ ਤੁਹਾਨੂੰ ਕੈਨੇਡਾ ਦੀ ਉਡਾਣ ਭਰਨ ਲਈ ਇਕ ਮਹੀਨਾ ਹੋਰ ਇੰਤਜ਼ਾਰ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਤੋਂ ਪਹਿਲਾਂ 30 ਦਿਨਾਂ ਦੀ ਉਡਾਨਾਂ ‘ਤੇ ਜਿਹੜੀ ਪਾਬੰਦੀ ਲਗਾਈ ਹੋਈ ਸੀ, ਉਹ ਅੱਜ ਸ਼ਨੀਵਾਰ ਨੂੰ ਖਤਮ ਹੋਣ ਵਾਲੀ ਸੀ, ਉਸਨੂੰ ਹੁਣ 21 ਜੂਨ ਤੱਕ ਵਧਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਤੋਂ ਸਿੱਧੀ ਵਪਾਰਕ ਅਤੇ ਨਿੱਜੀ ਯਾਤਰੀ ਉਡਾਨਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਵਲੋਂ ਦਿੱਤੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਖਿਲਾਫ਼ ਲੜਨ ਦੀ ਮੁਹਿੰਮ ਤਹਿਤ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਪਾਬੰਦੀ ਵਿਚ ਵਾਧਾ ਕਰਦਿਆਂ ਇਸ ਨੂੰ 21 ਜੂਨ ਤੱਕ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚ ਬੀ-1617 ਵੈਰੀਐਂਟ ਵਾਲੇ ਵਾਇਰਸ ਦਾ ਪ੍ਰਕੋਪ ਬਿਲਕੁਲ ਨਹੀਂ ਘਟਿਆ, ਜਿਸ ਨੂੰ ਵੇਖਦਿਆਂ ਦੋਹਾਂ ਮੁਲਕਾਂ ਤੋਂ ਆਉਣ ਵਾਲੀਆਂ ਫ਼ਲਾਈਟਸ ‘ਤੇ ਪਾਬੰਦੀ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਜੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਕਿਸੇ ਤੀਜੇ ਮੁਲਕ ਤੋਂ ਕੈਨੇਡਾ ਦਾ ਜਹਾਜ਼ ਚੜ੍ਹਦੇ ਹਨ ਤਾਂ ਉਨ੍ਹਾਂ ਲਈ ਵੀ ਸਖ਼ਤ ਮਾਪਦੰਡ ਲਾਗੂ ਕੀਤੇ ਗਏ ਹਨ। ਹਾਲਾਂਕਿ ਅਲਘਾਬਰਾ ਨੇ ਇਹ ਵੀ ਕਿਹਾ ਹੈ ਕਿ “ਪਾਬੰਦੀਆਂ ਲਾਉਣ ਮਗਰੋਂ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਿੱਚ ਮਹੱਤਪੂਰਨ ਗਿਰਾਵਟ ਆਈ ਹੈ”। ਫੈਡਰਲ ਸਰਕਾਰ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਯਾਤਰਾ ਪਾਬੰਦੀ ਨੇ ਘੱਟੋ- ਘੱਟ ਕੈਨੇਡਾ ਵਿੱਚ COVID-19 ਮਾਮਲਿਆਂ ਦੀ ਆਮਦ ਨੂੰ ਘੱਟ ਕਰਨ ਵਿੱਚ ਸਹਾਇਤਾ ਕੀਤੀ ਹੈ।

Leave a Reply

Your email address will not be published. Required fields are marked *